Corona new strain found : ਚੰਡੀਗੜ੍ਹ : ਕੋਰੋਨਾ ਦਾ ਨਵਾਂ ਰੂਪ ਪੰਜਾਬ ਵਿਚ ਆਪਣੇ ਪੈਰ ਪਸਾਰ ਰਿਹਾ ਹੈ। ਜੀਨੋਮ ਸੀਕਵੈਂਸਿੰਗ ਲਈ ਪੰਜਾਬ ਤੋਂ ਭੇਜੇ ਗਏ 401 ਨਮੂਨਿਆਂ ਵਿਚੋਂ 81% ਨਵੇਂ ਸਟ੍ਰੇਨ ਪਾਏ ਗਏ ਹਨ। ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਇਸ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਨਵਾਂ ਰੂਪ ਨੌਜਵਾਨਾਂ ਉੱਤੇ ਵਧੇਰੇ ਪ੍ਰਭਾਵ ਪਾ ਰਿਹਾ ਹੈ। ਕੈਪਟਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਕੋਵਿਡ ਟੀਕਾ ਲਾਜ਼ਮੀ ਬਣਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਆਪਣੇ ਆਪ ਨੂੰ ਟੀਕਾ ਲਗਵਾਉਣ ਦੀ ਅਪੀਲ ਕੀਤੀ।
ਪੈਦਾ ਹੋ ਰਹੀ ਸਥਿਤੀ ‘ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਅਬਾਦੀ ਦੇ ਵੱਡੇ ਹਿੱਸੇ ਲਈ ਟੀਕਾਕਰਨ ਤੁਰੰਤ ਖੋਲ੍ਹਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਜ਼ਰੂਰਤ ਹੈ। ਇਸ ਤੱਥ ਵੱਲ ਇਸ਼ਾਰਾ ਕਰਦੇ ਹੋਏ ਕਿ ਮਾਹਰਾਂ ਨੇ ਮੌਜੂਦਾ ਕੋਵੀਸ਼ੀਲਡ ਵੈਕਸੀਨ ਨੂੰ ਕੋਰੋਨਾ ਦੇ ਇਸ ਨਵੇਂ ਸਟ੍ਰੇਨ ਵਿਰੁੱਧ ਬਰਾਬਰ ਪ੍ਰਭਾਵਸ਼ਾਲੀ ਪਾਇਆ ਹੈ, ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਾ ਕੇ ਇਸ ਚੇਨ ਨੂੰ ਤੋੜਨਾ ਜ਼ਰੂਰੀ ਹੈ। ਕੈਪਟਨ ਅਮਰਿੰਦਰ ਨੇ ਲੋਕਾਂ ਨੂੰ ਮਾਸਕ ਪਹਿਨਣ ਅਤੇ ਸਮਾਜਕ ਦੂਰੀਆਂ ਕਾਇਮ ਰੱਖਣ ਸਮੇਤ ਸਾਰੇ ਕੋਵਿਡ ਸੇਫਟੀ ਪ੍ਰੋਟੋਕੋਲ ਦਾ ਸਖਤੀ ਨਾਲ ਪਾਲਣ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸੂਬਾ ਸਰਕਾਰ, ਜਿਸ ਨੇ ਪਹਿਲਾਂ ਹੀ ਨਵੀਆਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ, ਜੇਕਰ ਲੋਕ ਕੋਵਿਡ ਦੇ ਢੁਕਵੇਂ ਵਿਵਹਾਰ ਦੀ ਪਾਲਣਾ ਨਹੀਂ ਕਰਦੇ ਤਾਂ ਉਹ ਹੋਰ ਜ਼ਿਆਦਾ ਪਾਬੰਦੀਆਂ ਲਗਾਉਣ ਲਈ ਮਜਬੂਰ ਹੋ ਜਾਣਗੇ।
ਜ਼ਿਕਰਯੋਗ ਹੈ ਕੋਰੋਨਾ ਦਾ ਇਹ ਨਵਾਂ ਸਟ੍ਰੇਨ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ, ਜੋ ਕਿ ਯੂਕੇ ਵਿੱਚ 98% ਅਤੇ ਸਪੇਨ ਵਿੱਚ 90% ਨਵੇਂ ਕੇਸਾਂ ਨੂੰ ਦਰਸਾਉਂਦਾ ਹੈ। ਯੂਕੇ ਦੇ ਅਧਿਕਾਰੀਆਂ ਨੇ ਸੁਝਾਅ ਦਿੱਤਾ ਹੈ ਕਿ ਇਹ ਅਸਲ ਵਾਇਰਸ ਨਾਲੋਂ 70% ਵਧੇਰੇ ਪ੍ਰਸਾਰਣਯੋਗ ਹੈ ਦੱਸਣਯੋਗ ਹੈ ਕਿ ਪੰਜਾਬ ਵਿਚ ਇਸ ਸਾਲ ਸੋਮਵਾਰ ਨੂੰ ਇਕੋ ਦਿਨ ਕੋਰੋਨਾ ਤੋਂ ਸਭ ਤੋਂ ਵੱਧ ਮੌਤਾਂ ਹੋਈਆਂ। ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ 58 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2319 ਨਵੇਂ ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਹੁਣ ਤੱਕ 6382 ਲੋਕਾਂ ਦੀ ਇਸ ਮਹਾਮਾਰੀ ਨਾਲ ਮੌਤ ਹੋ ਚੁੱਕੀ ਹੈ।