Court issues arrest : ਫਰੀਦਕੋਟ : ਲਗਭਗ 5 ਸਾਲ ਪੁਰਾਣੇ ਬੇਅਦਬੀ ਕਾਂਡ ‘ਚ ਨਾਮਜ਼ਦ ਤਿੰਨ ਡੇਰਾ ਪ੍ਰੇਮੀਆਂ ਖਿਲਾਫ ਅਦਾਲਤ ਵੱਲੋਂ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ ਹਨ। ਇਹ ਵਾਰੰਟ ਡੇਰਾ ਸੱਚਾ ਸੌਦਾ ਦੀ ਕਮੇਟੀ ਦੇ ਮੈਂਬਰ ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਖਿਲਾਫ ਜਾਰੀ ਕੀਤੇ ਗਏ ਹਨ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੀ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਥੇ ਇਹ ਦੱਸਣਯੋਗ ਹੈ ਕਿ SIT ਵੱਲੋਂ 6 ਜੂਨ 2020 ਨੂੰ ਉਕਤ ਡੇਰਾ ਪ੍ਰੇਮੀਆਂ ਨੂੰ ਦੋਸ਼ੀਆਂ ਮੰਨਦੇ ਹੋਏ ਨਾਮਜ਼ਦ ਕੀਤਾ ਗਿਆ ਸੀ। ਉਕਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ‘ਚ ਅਸਫਲ ਰਹਿਣ ‘ਤੇ ਐੱਸਆਈਟੀ ਵੱਲੋਂ 6 ਜੂਨ ਨੂੰ ਮਾਮਲੇ ‘ਚ ਪੇਸ਼ ਕੀਤੇ ਗਏ ਚਲਾਨ ਨਾਲ ਤਿੰਨਾਂ ਮੁਲਜ਼ਮਾਂ ਦੇ ਗ੍ਰਿਫਤਾਰੀ ਵਾਰੰਟ ਦੀ ਮੰਗ ਕੀਤੀ ਸੀ। ਐੱਸ. ਆਈ. ਟੀ. ਦੀ ਵਿਸ਼ੇਸ਼ ਟੀਮ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਛਾਪੇ ਮਾਰੇ ਜਾ ਰਹੇ ਹਨ ਪਰ ਦੋਸ਼ੀ ਅਜੇ ਤੱਕ ਫੜੇ ਨਹੀਂ ਗਏ ਹਨ।
ਮਾਮਲੇ ‘ਤੇ ਸੁਣਵਾਈ ਕਰਦੇ ਹੋਏ ਜੁਡੀਸ਼ੀਅਲ ਮੈਜਿਸਟਰੇਟ ਸੁਰੇਸ਼ ਕੁਮਾਰ ਦੀ ਅਦਾਲਤ ਨੇ ਇਨ੍ਹਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਉਕਤ ਤਿੰਨੇ ਡੇਰਾ ਪ੍ਰੇਮੀਆਂ ਨੇ ਹੀ ਪਵਿੱਤਰ ਸਰੂਪ ਚੋਰੀ ਕਰਨ ਦੀ ਸਾਜਿਸ਼ ਰਚੀ ਸੀ, ਉਨ੍ਹਾਂ ਦੀਆਂ ਹਦਾਇਤਾਂ ‘ਤੇ ਹੀ ਭੜਕਾਊ ਪੋਸਟਰ ਲੱਗੇ ਤੇ ਬੇਅਦਬੀ ਕਾਂਡ ਨੂੰ ਅੰਜਾਮ ਦਿੱਤਾ ਗਿਆ। ਹਰਸ਼ ਧੂਰੀ ਵਾਸੀ ਟਰੂਸੋਲ ਕਾਲੋਨੀ ਬੇਗੂ ਰੋਡ ਸਿਰਸਾ ਹਰਿਆਣਾ, ਪ੍ਰਦੀਪ ਕਲੇਰ ਵਾਸੀ ਪਿੰਡ ਕਲਾਇਤ ਜ਼ਿਲ੍ਹਾ ਕੈਥਲ ਹਾਲ ਵਾਸੀ ਸ਼ਾਹ ਸਤਨਾਮ ਨਗਰ ਪੁਰਾਣਾ ਡੇਰਾ ਸਿਰਸਾ ਹਰਿਆਣਾ ਤੇ ਸੰਦੀਪ ਸਿੰਘ ਬਰੇਟਾ ਵਾਸੀ ਬਰੇਟੀ ਮੰਡੀ ਹਾਲ ਵਾਸੀ ਐੱਮਐੱਸਜੀ ਕੰਪਲੈਕਸ ਡੇਰਾ ਸੱਚਾ ਸੌਦਾ ਬੇਗੂ ਰੋਡ ਹਰਿਆਣਾ ਦੇ ਰਹਿਣ ਵਾਲੇ ਹਨ।
ਇਥੇ ਇਹ ਦੱਸਣਯੋਗ ਹੈ ਕਿ ਬੇਅਦਬੀ ਮਾਮਲੇ ਦੀ ਜਾਂਚ ਪਹਿਲਾਂ ਸੀ. ਬੀ. ਆਈ. ਨੂੰ ਸੌੰਪੀ ਗਈ ਸੀ ਪਰ ਕਾਫੀ ਜਾਂਚ ਦੇ ਬਾਅਦ ਵੀ ਸੀ. ਬੀ. ਆਈ. ਨੂੰ ਇਸ ਘਟਨਾ ਦਾ ਕੋਈ ਸੁਰਾਗ ਨਹੀਂ ਮਿਲਿਆ ਜਦੋਂ ਕਿ 2018 ‘ਚ ਖੱਟੜਾ ਦੀ ਅਗਵਾਈ ਵਾਲੀ ਟੀਮ ਨੇ ਬੇਅਦਬੀ ਘਟਨਾਵਾਂ ਤੇ ਦੰਗੇ ਕਰਨ ਦੇ ਦੋਸ਼ ਵਿਚ 20 ਡੇਰਾ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿੱਚ ਇਕ ਮਹਿੰਦਰਪਾਲ ਬਿੱਟੂ ਵੀ ਸ਼ਾਮਲ ਸੀ ਜਿਸ ਨੂੰ 2019 ਵਿਚ ਨਾਭਾ ਜੇਲ੍ਹ ਵਿਚ ਕਤਲ ਕਰ ਦਿੱਤਾ ਗਿਆ ਸੀ।