D. T. F. arrives at : ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਤੇ ਦਿਨੋ-ਦਿਨ ਅੰਦੋਲਨ ਮਜ਼ਬੂਤ ਹੁੰਦਾ ਜਾ ਰਿਹਾ ਹੈ। ਭਾਵੇਂ ਕੇਂਦਰ ਵੱਲੋਂ ਅੰਦੋਲਨ ਨੂੰ ਖਤਮ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਸਾਨ ਆਗੂਆਂ ਦੀ ਅਪੀਲ ‘ਤੇ ਹੁਣ ਵੱਡੀ ਗਿਣਤੀ ‘ਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਕਿਸਾਨ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਹੋ ਗਏ ਹਨ। ਪੰਜਾਬ ਦੀ ਸਿਰਮੌਰ ਅਧਿਆਪਕ ਜਥੇਬੰਦੀ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਨੇ ਵੀ ਕਿਸਾਨੀ ਸੰਘਰਸ਼ ਨਾਲ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਡੀ. ਟੀ. ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਨੇ ਦੱਸਿਆ ਕਿ ਅੰਦੋਲਨ ਨੂੰ ਇੱਕਜੁਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਾਰਡਰ ‘ਤੇ ਬਹੁਤ ਵੱਡੀ ਗਿਣਤੀ ‘ਚ ਕਿਸਾਨ ਸਮਰਥਕ ਪੁੱਜੇ ਹੋਏ ਹਨ। ਕੇਂਦਰ ਵੱਲੋਂ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਇੰਟਰਨੈੱਟ ਦੀਆਂ ਸੇਵਾਵਾਂ ਨੂੰ ਕੱਲ੍ਹ 2 ਫਰਵਰੀ ਤੱਕ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਇਥੇ ਮੌਜੂਦ ਲੋਕਾਂ ਦੀ ਏਕਤਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਜਿੱਤ ਯਕੀਨੀ ਹੈ।
ਸੂਬਾ ਆਗੂ ਸੁਖਦੇਵ ਡਾਨਸੀਵਾਲ, ਨਿਰਭੈ ਸਿੰਘ ਖਾਈ ਅਤੇ ਲਖਵਿੰਦਰ ਸਿੰਘ ਰੁੜਕੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਏਕਤਾ, ਸੂਝ-ਬੂਝ ਨਾਲ ਹੀ ਇਹ ਸੰਭਵ ਹੋ ਸਕਿਆ ਹੈ ਕਿ ਅੰਦੋਲਨ ਹੁਣ ਜਨ ਅੰਦੋਲਨ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ, ਜਿਸ ਤੋਂ ਪ੍ਰੇਸ਼ਾਨ ਹੋ ਕੇ ਕੇਂਦਰੀ ਵੱਲੋਂ ਕਿਸਾਨੀ ਲਹਿਰ ਨੂੰ ਲੀਹੋ ਲਾਹੁਣ ਦੀ ਲਿਖੀ ਸਕ੍ਰਿਪਟ ਤਹਿਤ ਪਹਿਲਾ 25 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਸਿੰਘੂ ਸਟੇਜ਼ `ਤੇ ਕਬਜ਼ਾ ਕਰਵਾਇਆ ਅਤੇ ਟਰੈਕਟਰ ਪਰੇਡ ਨੂੰ ਕਿਸਾਨ ਜੱਥੇਬੰਦੀਆਂ ਦੇ ਤੈਅਸ਼ੁਦਾ ਰੂਟ ਤੋਂ ਭਟਕਾਉਣ ਲਈ ਰਾਹ ਪੱਧਰਾ ਕੀਤਾ ਅਤੇ ਫਿਰ 26 ਜਨਵਰੀ ਨੂੰ ਲਾਲ ਕਿਲੇ ਵਾਲੀ ਘਟਨਾ ਰਾਹੀਂ ਲੱਖਾਂ ਲੋਕਾਂ ਦੀ ਸ਼ਮੂਲੀਅਤ ਵਾਲੀ ਇਤਿਹਾਸਕ ਟਰੈਕਟਰ ਪਰੇਡ ਦੀ ਗੂੰਜ ਨੂੰ ਮੱਧਮ ਪਾਉਣ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਪ੍ਰੰਤੂ ਅਜਿਹੀਆਂ ਸਾਰੀਆਂ ਸਾਜ਼ਿਸਾਂ ਨੂੰ ਹਰਿਆਣੇ, ਯੂ.ਪੀ., ਰਾਜਸਥਾਨ ਤੇ ਪੰਜਾਬ ਦੇ ਲੋਕਾਂ ਵੱਲੋਂ ਮਿਲ ਕੇ ਪਿਛਾੜਣ ਤੋਂ ਬਾਅਦ, ਹੁਣ ਇਹ ਮੋਰਚੇ ਹੋਰ ਵਧੇਰੇ ਚੜਦੀ ਕਲਾ ਤੇ ਸ਼ਾਨ ਨਾਲ ਚੱਲ ਰਹੇ ਹਨ।
ਇਸ ਮੌਕੇ ਸੂਬਾ ਕਮੇਟੀ ਮੈਂਬਰ ਕੁਲਦੀਪ ਗੋਬਿੰਦਪੁਰਾ ਤੇ ਹਰਿੰਦਰਜੀਤ ਸਿੰਘ, ਹਰਵਿੰਦਰ ਰੱਖੜਾ, ਪਰਮਵੀਰ ਸਿੰਘ, ਰਾਜਿੰਦਰ ਸਮਾਣਾ, ਹਰਿੰਦਰ ਸਿੰਘ, ਸੁਖਵੀਰ ਸਿੰਘ ਸੰਗਰੂਰ ਆਦਿ ਹਾਜ਼ਰ ਸਨ ਤੇ ਉਨ੍ਹਾਂ ਨੇ ਉਥੇ ਮੌਜੂਦ ਲੋਕਾਂ ਨੂੰ ਆਪਸੀ ਇਕਜੁੱਟਤਾ ਬਣਾਏ ਰੱਖਣ ਦੀ ਅਪੀਲ ਕੀਤੀ।