Darbar Sri Guru : ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਬੁਲੰਦਪੁਰੀ ਸਾਹਿਬ ਪੂਰੀ ਦੁਨੀਆ ‘ਚ ਰੂਹਾਨੀ ਚਾਨਣ ਮੁਨਾਰੇ ਵਜੋਂ ਮਸ਼ਹੂਰ ਹੈ। ਇਹ ਨਕੋਦਰ ਤੋਂ ਥੋੜ੍ਹੀ ਦੂਰ ਸਥਿਤ ਹੈ। ਇਸ ਦੀ ਸੱਤ ਮੰਜ਼ਿਲੀ ਇਮਾਰਤ ਪੂਰੀ ਦੁਨੀਆ ‘ਚ ਖਿੱਚ ਦਾ ਕੇਂਦਰ ਹੈ। ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਸੁੰਦਰ ਦਰਬਾਰ ਵੀ ਸਜਾਏ ਜਾਂਦੇ ਹਨ। ਬੁਲੰਦਪੁਰੀ ਸਾਹਿਬ ਨਾਲ ਸਬੰਧਤ 15 ਹੋਰ ਅਸਥਾਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਹਨ। ਇਹ ਅਸਥਾਨ ਸਰੀ (ਕੈਨੇਡਾ), ਟੋਰਾਂਟੋ (ਕੈਨੇਡਾ), ਕੈਲਗਰੀ (ਕੈਨੇਡਾ), ਐਡਮਿੰਟਨ (ਕੈਨੇਡਾ), ਫਰਿਜਨੋ (ਅਮਰੀਕਾ), ਨਿਊਯਾਰਕ (ਅਮਰੀਕਾ), ਮਿਸ਼ੀਗਨ (ਅਮਰੀਕਾ), ਇੰਡੀਆਨਾ (ਅਮਰੀਕਾ), ਇਟਲੀ, ਆਸਟ੍ਰੇਲੀਆ ਤੇ ਫਰਾਂਸ ਆਦਿ ਦੇਸ਼ਾਂ ‘ਚ ਹਨ। ਇਨ੍ਹਾਂ ਦੇ ਨਾਂ ਵੀ ਦਰਬਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ।
ਨਕੋਦਰ ਵਿਖੇ ਸਥਿਤ ਬੁਲੰਦਪੁਰੀ ਸਾਹਿਬ ‘ਚ ਉੱਤਰੀ, ਦੱਖਣੀ ਤੇ ਪੱਛਮੀ ਦਰਬਾਰ ਤੋਂ ਇਲਾਵਾ ਸਦ ਪ੍ਰਕਾਸ਼ ਹਾਲ ਤੇ ਸੱਚਖੰਡ ਸਾਹਿਬ ਦੇ ਬਹੁਤ ਹੀ ਅਲੌਕਿਕ ਦਰਬਾਰ ਸਜੇ ਹੋਏ ਹਨ ਜਿਨ੍ਹਾਂ ਦਾ ਦਰਸ਼ਨ ਕਰਕੇ ਮਨੁੱਖ ਤ੍ਰਿਪਤ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇੱਕ ਅੰਮ੍ਰਿਤ ਹਾਲ ਵੀ ਹੈ ਜਿਥੇ ਹਰ ਮਹੀਨੇ ਅੰਮ੍ਰਿਤ ਸੰਚਾਰ ਹੁੰਦਾ ਹੈ। ਗੁਰੂ ਜੀ ਦੇ ਲੰਗਰ ਵਾਸਤੇ ਵੀ ਦੋ ਮੰਜ਼ਿਲਾ ਵਿਸ਼ਾਲ ਲੰਗਰ ਹਾਲ ਵੀ ਹੈ। ਇਥੇ ਦੁਨੀਆ ਦਾ ਸਭ ਤੋਂ ਉੱਚਾ ਨਿਸ਼ਾਨ ਸਾਹਿਬ ਵੀ ਹੈ ਜੋ ਕਿ 24 ਫਰਵਰੀ 2016 ਨੂੰ ਇਥੇ ਝੁਲਾਇਆ ਗਿਆ ਸੀ। ਇਹ ਨਿਸ਼ਾਨ ਸਾਹਿਬ 255 ਫੁੱਟ ਉੱਚਾ ਹਾਈਡ੍ਰੋਲਿਕ ਨਿਸ਼ਾਨ ਸਾਹਿਬ ਹੈ।
ਬੁਲੰਦਪੁਰੀ ਸਾਹਿਬ ਵਿਖੇ 13 ਅਪ੍ਰੈਲ 1999 ਨੂੰ ‘ਗੋਬਿੰਦ ਸਰਵਰ’ ਦੇ ਨਾਂ ‘ਤੇ ਸਕੂਲ ਦੀ ਵੀ ਸਥਾਪਨਾ ਕੀਤੀ ਗਈ ਸੀ ਤੇ ਦੁਨੀਆ ਦੇ ਹੋਰਨਾਂ ਹਿੱਸਿਆਂ ‘ਚ ਇਨ੍ਹਾਂ ਦੇ 13 ਹੋਰ ਸਕੂਲ ਹਨ ਜਿਥੇ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਗੱਤਕਾ ਦੀ ਵੀ ਸਿਖਲਾਈ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ। ਬੁਲੰਦਪੁਰੀ ਸਾਹਿਬ ਵਿਖੇ ਸੰਗਤਾਂ ਦੇ ਠਹਿਰਾਅ ਲਈ ਵੀ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਇਥੇ ਦੋ ਵੱਡੀਆਂ ਸਰਾਵਾਂ ‘ਨਾਮ ਨਿਵਾਸ’ ਅਤੇ ‘ਨਿਰਭਉ ਨਿਵਾਸ’ ਬਣਾਈਆਂ ਗਈਆਂ ਹਨ ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਇਥੇ ਠਹਿਰ ਸਕਣ।