Dasam Patshah Sri : ਜਦੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਹੋਇਆ ਉਸ ਸਮੇਂ ਸਮਾਜ ਊਚ ਨੀਚ ਤੇ ਜਾਤ-ਪਾਤ ਦੇ ਬੰਧਨਾਂ ‘ਚ ਬੱਝਿਆ ਹੋਇਆ ਸੀ। ਮਨੁੱਖ ਨਾਲ ਉਸ ਸਮੇਂ ਪਸ਼ੂਆਂ ਤੋਂ ਵੀ ਭੈੜਾ ਸਲੂਕ ਕੀਤਾ ਜਾਂਦਾ ਸੀ। ਗੁਰੂ ਜੀ ਸੰਸਾਰ ਦੇ ਪਹਿਲੇ ਯੁੱਗ ਪੁਰਸ਼ ਹੋਏ ਹਨ ਜਿਨ੍ਹਾਂ ਨੇ ਰਾਜਨੀਤਕ, ਸਮਾਜਿਕ, ਧਾਰਮਿਕ ਤੇ ਸੱਭਿਆਚਾਰਕ ਇਨਕਾਲਬ ਸਿਰਜਿਆ। ਗੁਰੂ ਸਾਹਿਬ ਦੇ ਸਮੇਂ ਦਾਸ-ਦਾਸ ਦੀ ਪ੍ਰਥਾ ਦਾ ਵੀ ਕਾਫੀ ਚਲਨ ਸੀ। ਲੋਕਾਈ ਦੀ ਬਹੁਗਿਣਤੀ ਨੂੰ ਸ਼ੂਦਰ ਕਹਿ ਕੇ ਬੁਲਾਇਆ ਜਾਂਦਾ ਸੀ। ਇਸ ਮੌਕੇ ਗੁਰੂ ਜੀ ਨੇ ਨਾਬਰਾਬਰੀ ਦੇ ਵਿਰੁੱਧ ਖਾਲਸੇ ਦੀ ਸਿਰਜਣਾ ਕਰਕੇ ਮਨੁੱਖੀ ਵਿਤਕਰੇ ਨੂੰ ਖਤਮ ਕਰਕੇ ਸਾਰਿਆਂ ਨੂੰ ਬਰਾਬਰੀ ਦੀ ਬਖਸ਼ਿਸ਼ ਕੀਤੀ।
ਗੁਰੂ ਸਾਹਿਬ ਜੀ ਨੇ ‘ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ’ ਨੂੰ ਅਮਲੀ ਰੂਪ ਦਿੱਤਾ। ਤੇ ਸਾਰਿਆਂ ਨੂੰ ਇਕੋ ਪ੍ਰਮਾਤਮਾ ਦਾ ਨਾਂ ਤੇ ਸਰੂਪ ਦੀ ਬਖਸ਼ਿਸ਼ ਦਿੱਤੀ। ਨਾਲ ਹੀ ਉਨ੍ਹਾਂ ਨੇ ਸਾਰਿਆਂ ਨੂੰ ਅੰਮ੍ਰਿਤ ਦੀ ਦਾਤ ਨਾਲ ਨਿਮਾਣਿਆਂ ਨੂੰ ਮਾਣ, ਨਿਤਾਣਿਆਂ ਨੂੰ ਤਾਣ ਪ੍ਰਦਾਨ ਕੀਤਾ। ਜਿਹੜੇ ਲੋਕ ਆਪਣੇ ਆਪ ਨੂੰ ਨਿਮਾਣੇ, ਨਿਤਾਣੇ ਤੇ ਲਿਤਾੜੇ ਹੋਏ ਸਮਝ ਕੇ ਪਸ਼ੂਆਂ ਵਰਗਾ ਜੀਵਨ ਬਤੀਤ ਕਰ ਰਹੇ ਸਨ ਉਨ੍ਹਾਂ ਨੇ ਅੰਮ੍ਰਿਤ ਦੀ ਦਾਤ ਲੈ ਕੇ ਸੱਚ ਤੇ ਹੱਕ ਦੀ ਲੜਾਈ ਲਈ ਆਪਣੇ ਆਪ ਨੂੰ ਤਿਆਰ ਕੀਤਾ।
ਅੰਮ੍ਰਿਤ ਦੀ ਦਾਤ ਹਾਸਲ ਕਰਕੇ ਸਿੰਘ ਸਜੇ ਲੋਕੀਂ ਸੰਤ ਸਿਪਾਹੀ ਦਾ ਰੂਪ ਧਾਰਨ ਕਰ ਲੈਂਦੇ ਹਨ। ਇਸ ਤੋਂ ਇਹ ਵੀ ਸਿੱਧ ਹੋਇਆ ਕਿ ਜਦੋਂ ਲੋਕ ਜਾਗਦੇ ਹਨ ਤਾਂ ਉਨ੍ਹਾਂ ਦੇ ਜੋਸ਼ ਨੂੰ ਤਾਕਤ ਦਾ ਮਜ਼ਬੂਤ ਤੋਂ ਮਜ਼ਬੂਤ ਬੰਧ ਵੀ ਨਹੀਂ ਰੋਕ ਸਕਦਾ। ਇਨ੍ਹਾਂ ਕਿਰਤੀਆਂ ਵੱਲੋਂ ਜਦੋਂ ਹਥਿਆਰ ਚੁੱਕੇ ਗਏ ਤਾਂ ਉਸ ਵੇਲੇ ਸਭ ਤੋਂ ਵੱਡੀ ਜ਼ਾਲਮ ਹਕੂਮਤ ਦਾ ਵੀ ਤਖਤਾ ਪਲਟ ਕੇ ਰੱਖ ਦਿੱਤਾ।