DC Ferozepur administers : ਫਿਰੋਜ਼ਪੁਰ ਵਿੱਚ ਕੋਵਿਡ 19 ਦੇ ਟੀਕਾਕਰਨ ਦੇ ਦੂਜੇ ਪੜਾਅ ਵਿੱਚ ਫਰੰਟਲਾਈਨ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ ਅਤੇ ਅੱਜ ਡਿਪਟੀ ਕਮਿਸ਼ਨਰ ਫਿਰੋਜ਼ਪੁਰ, ਗੁਰਪਾਲ ਸਿੰਘ ਚਾਹਲ ਨੇ ਸਿਵਲ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਟੀਕਾ ਲਗਵਾ ਕੇ ਇਸ ਮੁਹਿੰਮ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਡਿਪਟੀ ਕਮਿਸ਼ਨਰ, ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਕੋਰੋਨਾ ਬੀਮਾਰੀ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਸਿਹਤ ਕਰਮਚਾਰੀਆਂ ਨੂੰ ਕਵਰ ਕਰਨ ਲਈ ਵੱਖ ਵੱਖ ਪੜਾਵਾਂ ਤਹਿਤ ਕੋਵਿਡ-19 ਦੇ ਟੀਕੇ ਲਗਾਏ ਜਾ ਰਹੇ ਹਨ।
ਉਨ੍ਹਾਂ ਨੇ ਸਾਰੇ ਫਰੰਟਲਾਈਨ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਕੋਵਿਡ-19 ਟੀਕਾਕਰਨ ਦਾ ਮੈਸੇਜ ਮਿਲਿਆ ਹੈ, ਨੂੰ ਮੈਸੇਜ ਵਿੱਚ ਦਰਸਾਏ ਗਏ ਨਿਰਧਾਰਤ ਸਥਾਨ ’ਤੇ ਜਾ ਕੇ ਟੀਕਾਕਰਣ ਜ਼ਰੂਰ ਕਰਵਾਉਣਾ ਚਾਹੀਦਾ ਹੈ। ਸਿਵਲ ਸਰਜਨ ਡਾ.ਰਜਿੰਦਰ ਰਾਜ ਨੇ ਦੱਸਿਆ, ਪਹਿਲੇ ਪੜਾਅ ਵਿੱਚ 778 ਸਿਹਤ ਕਰਮਚਾਰੀਆਂ ਨੂੰ ਟੀਕਾ ਲਗਾਇਆ ਗਿਆ ਸੀ ਅਤੇ ਦੂਜੇ ਪੜਾਅ ‘ਚ ਹੁਣ ਤੱਕ 63 ਕੋਵਿਡ -19 ਟੀਕੇ ਲਗਾ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਇਹ ਮਹਾਂਮਾਰੀ ਦੇ ਅੰਤ ਦੀ ਸ਼ੁਰੂਆਤ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੀਕਾਕਰਨ ਸੰਬੰਧੀ ਅਫਵਾਹਾਂ ਦਾ ਸ਼ਿਕਾਰ ਨਾ ਹੋਣ, ਕਿਉਂਕਿ ਇਹ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ। ਉਨ੍ਹਾਂ ਕਿਹਾ ਕਿ ਸਿਹਤ ਕਰਮਚਾਰੀਆਂ ਨੂੰ ਟੀਕਾ ਮੁਹਿੰਮ ਦੇ ਪਹਿਲੇ ਪੜਾਅ ਤਹਿਤ ਕਵਰ ਕੀਤਾ ਗਿਆ ਹੈ ਅਤੇ ਦੂਸਰੇ ਸ਼ਡਿਊਲ ਮੁਤਾਬਕ ਹੋਰਨਾਂ ਨੂੰ ਵੈਕਸੀਨ ਲਗਾਏ ਜਾਣਗੇ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਵਿਘਨ ਅਤੇ ਮੁਸ਼ਕਲ ਰਹਿਤ ਟੀਕਾਕਰਨ ਮੁਹਿੰਮ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜਦੀਪ ਕੌਰ, ਸਿਵਲ ਸਰਜਨ ਡਾ: ਰਾਜਿੰਦਰ ਰਾਜ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਰਾਜਿੰਦਰ ਬੈਂਸ, ਐਸਐਮਓ ਗੁਰਮੇਜ ਰਾਮ ਵੀ ਮੌਜੂਦ ਸਨ।