Delhi autorickshaws and taxis : ਨਵੀਂ ਦਿੱਲੀ : ਕੇਂਦਰ ਦੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਹਰ ਵਰਗ ਨਾਲ ਆ ਰਿਹਾ ਹੈ, ਜਿਸ ਦੇ ਚੱਲਦਿਆਂ ਦਿੱਲੀ ਟ੍ਰਾਂਸਪੋਰਟ ਯੂਨੀਅਨਾਂ ਨੇ ਹੜਤਾਲ ਦੀ ਮੰਗ ਕੀਤੀ ਸੀ। ਪਰ ਇਸ ਦੇ ਉਲਟ ਦਿੱਲੀ ਆਟੋਰਿਕਸ਼ਾ ਯੂਨੀਅਨ ਅਤੇ ਦਿੱਲੀ ਪ੍ਰਦੇਸ਼ ਟੈਕਸੀ ਯੂਨੀਅਨ ਨੇ ਐਲਾਨ ਕੀਤਾ ਕਿ ਦਿੱਲੀ ਆਟੋਰਿਕਸ਼ਾ ਅਤੇ ਟੈਕਸੀਆਂ ਹੜਤਾਲ ‘ਤੇ ਨਹੀਂ ਜਾਣਗੀਆਂ।
ਇਹ ਐਲਾਨ ਦਿੱਲੀ ਟ੍ਰਾਂਸਪੋਰਟ ਯੂਨੀਅਨਾਂ ਦੇ ਐਲਾਨ ਤੋਂ ਇੱਕ ਦਿਨ ਬਾਅਦ ਆਇਆ ਹੈ। 10 ਵੱਡੀਆਂ ਟਰਾਂਸਪੋਰਟ ਯੂਨੀਅਨਾਂ ਨੇ ਕਿਹਾ ਸੀ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀ ਨਹੀਂ ਸੁਣਦੀ ਤਾਂ ਬੱਸ, ਟਰੱਕ, ਆਟੋ, ਕੈਬਾਂ ਅਤੇ ਟੈਕਸੀਆਂ ਸਣੇ ਟਰਾਂਸਪੋਰਟ ਸੇਵਾਵਾਂ ਕੌਮੀ ਰਾਜਧਾਨੀ ਵਿੱਚ ਬੰਦ ਕਰ ਦਿੱਤੀਆਂ ਜਾਣਗੀਆਂ। ਰਾਜਿੰਦਰ ਸੋਨੀ ਮਹਾਂਮੰਤਰੀ ਦਿੱਲੀ ਆਟੋਰਿਕਸ਼ਾ ਯੂਨੀਅਨ ਅਤੇ ਦਿੱਲੀ ਪ੍ਰਦੇਸ਼ ਟੈਕਸੀ ਯੂਨੀਅਨ ਨੇ ਕਿਹਾ ਕਿ “ਅਸੀਂ ਪੂਰੇ ਦੇਸ਼ ਵਾਂਗ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਨਾਲ ਹਾਂ। ਪਰ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਦਿੱਲੀ ਦੀਆਂ ਆਟੋਰਿਕਸ਼ਾ ਅਤੇ ਟੈਕਸੀਆਂ ਹੜਤਾਲ ‘ਤੇ ਨਹੀਂ ਆਉਣਗੀਆਂ। ਸੋਨੀ ਨੇ ਅੱਗੇ ਕਿਹਾ, “ਸਾਨੂੰ ਅੱਗੇ ਹੀ 4 ਮਹੀਨਿਆਂ ਤੋਂ ਕੰਮ ਨਹੀਂ ਮਿਲ ਰਿਹਾ ਹੈ ਅਤੇ ਹੁਣ ਅਸਂ ਹੜਤਾਲਾਂ ਬਰਦਾਸ਼ਤ ਨਹੀਂ ਕਰ ਸਕਦੇ।
ਦੱਸਣਯੋਗ ਹੈ ਕਿ ਟ੍ਰਾਂਸਪੋਰਟ ਯੂਨੀਅਨਾਂ ਨੇ ਇਕ ਪੱਤਰ ਵਿਚ ਕਿਹਾ ਸੀ ਕਿ ਦਿੱਲੀ-ਐਨਸੀਆਰ ਦੀਆਂ ਸਾਰੀਆਂ ਯੂਨੀਅਨਾਂ ਅਤੇ ਐਸੋਸੀਏਸ਼ਨਾਂ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀ ਕਾਨੂੰਨਾਂ 2020 ਦੇ ਵਿਰੋਧ ਵਿਚ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਹਮਾਇਤ ਕਰਦੀਆਂ ਹਨ। ਦਿੱਲੀ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗੋਲਡੀ ਨੇ ਕਿਹਾ ਸੀ ਕਿ ਉਹ ਇੱਕ ਕਿਸਾਨ ਦਾ ਪੁੱਤਰ ਹੋਣ ਕਰਕੇ, ਅੰਦੋਲਨਕਾਰੀ ਕਿਸਾਨਾਂ ਦੇ ਪੂਰੇ ਸਮਰਥਨ ਵਿੱਚ ਹੈ ਜੋ ਕੇਂਦਰ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੇ ਹਨ। ਦੱਸਣਯੋਗ ਹੈ ਕਿ ਅੱਜ ਕਿਸਾਨਾਂ ਨੂੰ ਕੇਂਦਰ ਵੱਲੋਂ 3 ਵਜੇ 32 ਕਿਸਾਨ ਸੰਗਠਨਾਂ ਦੇ ਨੇਤਾਵਾਂ ਨੂੰ ਗੱਲਬਾਤ ਲਈ ਵਿਗਿਆਨ ਭਵਨ ਬੁਲਾਇਆ ਹੈ> ਇਸ ਬਾਰੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ 13 ਨਵੰਬਰ ਨੂੰ ਮੀਟਿੰਗ ਵਿੱਚ ਸ਼ਾਮਿਲ ਹੋਏ ਕਿਸਾਨ ਨੇਤਾਵਾਂ ਨੂੰ ਗੱਲਬਾਤ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਹੈ । ਸਰਕਾਰ ਨਾਲ ਗੱਲਬਾਤ ਤੋਂ ਪਹਿਲਾਂ ਕਿਸਾਨ ਆਗੂ ਮਿਲ ਕੇ ਅਗਲੀ ਰਣਨੀਤੀ ਤੈਅ ਕਰਨਗੇ।