Delhi Police Arrest : ਫਰੀਦਕੋਟ ‘ਚ 18 ਫਰਵਰੀ ਨੂੰ ਹੋਏ ਗੁਰਲਾਲ ਸਿੰਘ ਭਲਵਾਨ ਦੇ ਕਤਲ ਕੇਸ ‘ਚ ਦਿੱਲੀ ਪੁਲਸ ਵੱਲੋ ਪਹਿਲਾਂ ਵੀ 3 ਦੋਸ਼ੀ ਫੜੇ ਗਏ ਸਨ ਅਤੇ ਬਾਕੀ 2 ਮੇਨ ਸ਼ੂਟਰ ਰਾਜਨ ਅਤੇ ਛੋਟੂ ਨੂੰ ਵੀ ਦਿੱਲੀ ਪੁਲਸ ਵੱਲੋ ਕੀਤਾ ਗ੍ਰਿਫਤਾਰ ਕਰ ਲਿਆ ਗਿਆ ਹੈ। ਜਲਦ ਹੀ ਫਰੀਦਕੋਟ ਪੁਲਸ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਏਗੀ। ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਜਲਦ ਹੀ ਕਤਲ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇ ਤੇ ਇਹ ਵੀ ਖੁਲਾਸਾ ਕੀਤਾ ਜਾਵੇ ਕਿ ਫਰੀਦਕੋਟ ਵਿਖੇ ਇਨ੍ਹਾਂ ਸ਼ੂਟਰਾਂ ਨੂੰ ਕਿਸ ਨੇ ਪਨਾਹ ਦਿੱਤੀ ਸੀ ਅਤੇ ਉਨ੍ਹਾਂ ਦੀ ਗੁਰਲਾਲ ਸਿੰਘ ਭਲਵਾਨ ਨਾਲ ਕਿਹੜੀ ਦੁਸ਼ਮਣੀ ਸੀ।
ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਤੇ ਗੋਲੇਵਾਲਾ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਗੁਰਲਾਲ ਭਲਵਾਨ ਨੂੰ 18 ਫਰਵਰੀ ਦੀ ਸ਼ਾਮ ਕਰੀਬ 5 ਕੁ ਵਜੇ ਦੋਂ ਅਣਪਛਾਤੇ ਸੂਟਰਾਂ ਸਮੇਤ ਤਿੰਨ ਮੋਟਰਸਾਇਕਲ ਸਵਾਰ ਨੌਜਵਾਨ ਜੁਬਲੀ ਸਿਨੇਮਾ ਚੌਕ ਨੇੜੇ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਗੋਲੀਆਂ ਮਾਰ ਕੇ ਫ਼ਰਾਰ ਹੋ ਗਏ, ਜਿੰਨਾਂ ‘ਚੋਂ ਦਿੱਲੀ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ 19 ਫਰਵਰੀ ਨੂੰ ਦਬੋਚ ਲਿਆ ਪਰ ਦੋਵੇਂ ਸੂਟਰਾਂ ਅਜੇ ਫਰਾਰ ਸਨ। ਬੇਸ਼ੱਕ ਫਰੀਦਕੋਟ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਨੂੰ ਅਸਲਾ ਸਪਲਾਈ ਕਰਨ ਵਾਲੇ ਨੂੰ ਜਦ ਫੜਿਆਂ ਤਾਂ ਪੁੱਛ-ਗਿੱਛ ਦੌਰਾਨ ਗੁਰਲਾਲ ਹੱਤਿਆ ਕਾਂਡ ਨੂੰ ਅੰਜਾਮ ਦੇਣ ਤੋਂ ਪਹਿਲਾ ਚਾਰ ਵਿਅਕਤੀਆਂ ਵੱਲੋਂ ਕੀਤੀ ਗਈ ਰੈਕੀ ਵਾਲੇ ਵੀ ਨੌਜਵਾਨ ਕਾਬੂ ਕਰ ਲਏ ਗਏ, ਜਿਸ ਤੋਂ ਬਾਅਦ ਪੰਜਾਂ ਨੌਜਵਾਨਾਂ ਨੂੰ ਰਿਮਾਂਡ ਖਤਮ ਹੋਣ ’ਤੇ ਅਦਾਲਤ ਨੇ ਜੇਲ੍ਹ ਭੇਜ ਦਿੱਤਾ।
ਹੁਣ ਤਕ ਗੁਰਲਾਲ ਹੱਤਿਆ ਕਾਂਡ ਮਾਮਲੇ ‘ਚ ਅੱਠ ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਰਿਮਾਂਡ ਖਤਮ ਹੋਣ ’ਤੇ ਅਦਾਲਤ ‘ਚ ਪੇਸ਼ ਕਰਨ ਉਪਰੰਤ ਅਦਾਲਤ ਵੱਲੋਂ ਜੇਲ੍ਹ ਭੇਜਿਆ ਜਾ ਚੁੱਕਾ ਹੈ ਪਰ ਅਜੇ ਤਕ ਹੱਤਿਆ ਦੇ ਕਾਰਨਾਂ ਦਾ ਪੁਲਿਸ ਪਤਾ ਨਹੀਂ ਲੱਗਾ ਸਕੀ ਅਤੇ ਨਾ ਹੀ ਕੈਨੇਡਾ ਬੈਠੇ ਉਕਤ ਮਾਮਲੇ ’ਚ ਨਾਂ ਆਉਣ ਵਾਲੇ ਵਿਅਕਤੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੋਈ ਵੱਡਾ ਖੁਲਾਸਾ ਕਰ ਸਕੀ ਹੈ।