DGP Sumedh Saini : ਬਹੁ-ਚਰਚਿਤ ਬਹਿਬਲ ਗੋਲੀਕਾਂਡ ਮਾਮਲੇ ‘ਚ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਅਤੇ ਪਰਮਰਾਜ ਸਿੰਘ ਉਮਰਾਨੰਗਲ ਨੂੰ ਅੱਜ ਫਰੀਦਕੋਟ ਅਦਾਲਤ ਵੱਲੋਂ ਵੱਡੀ ਰਾਹਤ ਮਿਲੀ ਹੈ ਜਿਸ ਤਹਿਤ ਉਨ੍ਹਾਂ ਨੂੰ 1 ਲੱਖ ਰੁਪਏ ਦੇ ਮੁਚਲਕੇ ‘ਤੇ ਜ਼ਮਾਨਤ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸੁਮੇਧ ਸੈਣੀ ਤੇ ਉਮਰਾਨੰਗਲ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ 1 ਮਾਰਚ ਨੂੰ ਅਗਾਊਂ ਜ਼ਮਾਨਤ ਦਿੱਤੀ ਗਈ ਸੀਤੇ ਉਨ੍ਹਾਂ ਨੂੰ 8 ਮਾਰਚ ਨੂੰ ਫਰੀਦਕੋਟ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਗਿਆ ਸੀ, ਜਿਥੇ ਅੱਜ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ। ਮੈਜਿਸਟ੍ਰੇਟ ਸ਼੍ਰੀ ਸੁਰੇਸ਼ ਕੁਮਾਰ ਦੀ ਅਦਾਲਤ ‘ਚ ਸੈਣੀ ਤੇ ਉਮਰਾਨੰਗਲ ਪੇਸ਼ ਹੋਏ। ਸੁਮੇਧ ਸੈਣੀ ਪਹਿਲੀ ਵਾਰ ਫਰੀਦਕੋਟ ਅਦਾਲਤ ‘ਚ ਪੇਸ਼ ਹੋਏ ਸਨ ਤੇ ਨਾਲ ਹੀ ਉਨ੍ਹਾਂ ਨੂੰ 9 ਮਾਰਚ ਦੀ ਪੇਸ਼ੀ ਦੌਰਾਨ ਗ੍ਰਿਫਤਾਰੀ ਦਾ ਵੀ ਖਦਸ਼ਾ ਸੀ।
ਪਿਛਲੇ ਸਾਲ ਪੰਜਾਬ ਪੁਲਿਸ ਦੀ SIT ਵੱਲੋਂ ਇਸ ਮਾਮਲੇ ਵਿੱਚ ਉਮਰਾਨੰਗਲ ਦਾ ਨਾਂ ਨਾਮਜ਼ਦ ਕੀਤਾ ਗਿਆ ਸੀ। ਇਸ ਸਾਲ 15 ਜਨਵਰੀ ਨੂੰ ਹੇਠਲੀ ਅਦਾਲਤ ਵਿੱਚ ਚਾਰਜਸ਼ੀਟ ਵੀ ਦਾਇਰ ਕੀਤੀ ਗਈ ਸੀ। ਇਸ ਤੋਂ ਬਾਅਦ ਉਮਰਾਨੰਗਲ ਨੇ ਗ੍ਰਿਫਤਾਰੀ ਤੋਂ ਬਚਣ ਲਈ ਫਰੀਦਕੋਟ ਜ਼ਿਲ੍ਹਾ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ। ਜ਼ਿਲ੍ਹਾ ਅਦਾਲਤ ਨੇ ਉਮਰਾਨੰਗਲ ਨੂੰ ਰਾਹਤ ਦੇਣ ਤੋਂ ਇਨਕਾਰ ਕਰਦਿਆਂ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਉਮਰਾਨੰਗਲ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਅਗਾਊਂ ਜ਼ਮਾਨਤ ਮੰਗੀ ਸੀ।