DM Sports will be deployed : ਚੰਡੀਗੜ੍ਹ : ਸਕੂਲਾਂ ਵਿੱਚ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਸਮੂਹ ਜ਼ਿਲ੍ਹਿਆਂ ਵਿੱਚ ਖੇਡ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ‘ਖੇਡੋ ਪੰਜਾਬ, ਤੰਦਰੁਸਤ ਪੰਜਾਬ’ ਪ੍ਰੋਜੈਕਟ ਅਧੀਨ DM (ਜ਼ਿਲ੍ਹਾ ਮੈਂਟਰ) ਸਪੋਰਟਸ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਡੀ.ਐਮ. ਸਪੋਰਟਸ ਜ਼ਿਲ੍ਹਾ ਪੱਧਰ ’ਤੇ ਖੇਡਾਂ ਦੀ ਮੋਨੀਟਰਿੰਗ ਕਰਨਗੇ ਅਤੇ ਸਵੇਰ ਦੀ ਸਭਾ ਨੂੰ ਪ੍ਰਭਾਵਸ਼ਾਲੀ ਬਨਾਉਣ ਲਈ ਸਰੀਰਕ ਸਿੱਖਿਆ ਲੈਕਚਰਾਰਾਂ/ਅਧਿਆਪਕਾਂ ਨੂੰ ਸੁਝਾਅ ਅਤੇ ਸਿਖਲਾਈ ਦੇਣ ਦੇ ਨਾਲ ਨਾਲ ਨਿਗਰਾਣੀ ਵੀ ਕਰਨਗੇ। ਇਹ ਡੀ.ਐਮ. ਸਪੋਰਟਸ ‘ਖੇਡੋ ਪੰਜਾਬ, ਤੰਦਰੁਸਤ ਪੰਜਾਬ’ ਪ੍ਰੋਜੈਕਟ ਹੇਠ ਵਿਦਿਆਰਥੀਆਂ ਦਾ ਮੁਲਾਂਕਣ ਕਰਵਾਉਣਗੇ ਅਤੇ ਹਰੇਕ ਸਕੂਲਾ ਵਿੱਚ ਟੈਲੈਂਟ ਹੰਟ ਅਤੇ ਸਲਾਨਾ ਅਥਲੈਟਿਕ ਮੀਟ ਕਰਵਾਉਣ ਨੂੰ ਯਕੀਨੀ ਬਨਾਉਣਗੇ। ਇਸ ਦੇ ਨਾਲ ਹੀ ਇਹ ਸਰੀਰਕ ਸਿੱਖਿਆ ਅਧਿਆਪਕਾਂ ਦੇ ਸਿਖਲਾਈ ਅਤੇ ਸੈਮੀਨਾਰ ਪ੍ਰੋਗਰਾਮ ਆਯੋਜਿਤ ਕਰਵਾਉਣਗੇ। ਇਹ ਗਤੀਵਿਧੀਆਂ ਕੋਵਿਡ-19 ਤੋਂ ਬਾਅਦ ਸਕੂਲ ਖੁਲ੍ਹਣ ’ਤੇ ਕਰਵਾਈਆਂ ਜਾਣਗੀਆਂ।
ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਵਾਨਗੀ ਤੋਂ ਬਾਅਦ ਡਾਇਰੈਕਟਰ ਸਕੂਲ ਸਿੱਖਿਆ (ਐਲੀਮੈਂਟਰੀ ਸਿੱਖਿਆ) ਵੱਲੋਂ ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਜਲੰਧਰ, ਕਪੂਰਥਲਾ, ਸ੍ਰੀ ਮੁਕਤਸਰ ਸਾਹਿਬ, ਪਟਿਆਲਾ, ਪਠਾਨਕੋਟ, ਰੂਪਨਗਰ, ਐਸਏਐੱਸ ਨਗਰ, ਬਰਨਾਲਾ, ਫਿਰੋਜ਼ਪੁਰ, ਸ੍ਰੀ ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਸਰਪੁਰ, ਲੁਧਇਆਣਾ, ਮਾਨਸਾ, ਮੋਗਾ, ਸ਼ਹੀਦ ਭਗਤ ਸਿੰਘ ਨਗਰ, ਸੰਗਰੂਰ ਅਤੇ ਤਰਨਤਾਰਨ ਵਿੱਚ ਡੀਐੱਮ ਸਪੋਰਟਸ ਤਾਇਨਾਤ ਕਰਨ ਲਈ ਸੂਚੀ ਜਾਰੀ ਕਰ ਦਿੱਤੀ ਗਈ ਹੈ।