Doctors at Rajindra : ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ‘ਚ ਇੱਕ ਅਨੋਖਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ 6 ਮਾਹਿਰ ਡਾਕਟਰਾਂ ਦੀ ਟੀਮ ਵਲੋਂ ਐਮਰਜੈਂਸੀ ‘ਚ ਪੁੱਜੇ ਚਾਰ ਸਾਲਾ ਬੱਚੇ ਦੇ ਪੇਟ ‘ਚ ਫ਼ਸੀਆਂ ਪਲਾਸਟਿਕ ਦੀਆਂ ਰੱਸੀਆਂ ਤੇ ਰਬੜਾਂ ਨੂੰ ਕੱਢ ਕੇ ਜਾਨ ਬਚਾਈ ਗਈ। ਇਹ ਆਪ੍ਰੇਸ਼ਨ ਬੱਚੇ ਦੀ ਉਮਰ ਛੋਟੀ ਹੋਣ ਕਾਰਨ ਡਾਕਟਰਾਂ ਲਈ ਚੁਣੌਤੀ ਭਰਿਆ ਕੰਮ ਸੀ ਜੋ ਉਨ੍ਹਾਂ ਦੀ ਡਾਕਟਰਾਂ ਦੀ ਸਖ਼ਤ ਮਿਹਨਤ ਤੇ ਕਾਰਗੁਜ਼ਾਰੀ ਰਾਹੀਂ ਸਫ਼ਲ ਹੋ ਸਕਿਆ ਹੈ। ਪਿੰਡ ਰਾਮਗੜ੍ਹ ਤੋਂ ਆਇਆ ਇੱਕ 4 ਸਾਲ ਦੇ ਪੇਟ ‘ਚੋਂ 13 ਕਿਲੋ ਭਾਰ ਵਾਲੇ ਸਤਵੀਰ ਸਿੰਘ ਦਾ ਆਪ੍ਰੇਸ਼ਨ ਕਰਕੇ ਉਸ ਦੇ ਪੇਟ ‘ਚੋਂ 350 ਗ੍ਰਾਮ ਪਲਾਸਟਿਕ ਰਬੜ, ਵਾਲ ਤੇ ਧਾਗੇ ਕੱਢੇ ਹਨ। ਆਪ੍ਰੇਸ਼ਨ ਤੋਂ ਬਾਅਦ ਬੱਚਾ ਹੁਣ ਠੀਕ ਹੈ।
ਜਾਣਕਾਰੀ ਅਨੁਸਾਰ 7 ਮਾਰਚ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ‘ਚ ਪੇਟ ਦਰਦ ਤੋਂ ਪੀੜਤ ਭਵਾਨੀਗੜ੍ਹ ਰੋਡ ਸਥਿਤ ਪਿੰਡ ਰਾਜਗੜ੍ਹ ਦਾ ਰਹਿਣ ਵਾਲੇ ਚਾਰ ਸਾਲਾ ਬੱਚੇ ਨੂੰ ਪਰਿਵਾਰ ਵਲੋਂ ਭਰਤੀ ਕਰਵਾਇਆ ਗਿਆ ਸੀ। ਬੱਚੇ ਦੀ ਹਾਲਤ ਇਨੀਂ ਜ਼ਿਆਦਾ ਗੰਭੀਰ ਸੀ ਕਿ ਉਸ ਨੂੰ ਬਚਾਉਣਾ ਡਾਕਟਰਾਂ ਲਈ ਚੁਣੌਤੀ ਭਰਿਆ ਕੰਮ ਸੀ। ਮੁੱਢਲੀ ਜਾਂਚ ਦੌਰਾਨ ਡਾਕਟਰਾਂ ਨੇ ਬੱਚੇ ਦੀਆਂ ਆਂਦਰਾਂ ‘ਚ ਵਾਲਾਂ ਦੀ ਤਰ੍ਹਾਂ ਗੁੱਛੇ ਬਣੇ ਹੋਏ ਸਨ, ਜੇਕਰ ਬੱਚਾ ਕੁੱਝ ਖਾਣ ਦੀ ਕੋਸ਼ਿਸ਼ ਵੀ ਕਰਦਾ ਸੀ ਤਾਂ ਉਸਦਾ ਸੰਚਾਰ ਨਾ ਹੋਣ ਕਾਰਨ ਬਾਹਰ ਆ ਜਾਂਦਾ ਸੀ।ਆਂਦਰਾਂ ਵਿਚ ਫ਼ਸੇ ਹੋਏ ਗੁੱਛਿਆ ਕਾਰਨ ਉਸ ਦਾ ਢਿੱਡ ਵੀ ਫ਼ੁੱਲ ਗਿਆ ਸੀ।ਹਸਪਤਾਲ ਦੇ ਸਰਜਰੀ ਵਿਭਾਗ ਦੇ ਮੁਖੀ ਡਾ. ਅਸ਼ਵਨੀ ਕੁਮਾਰ ਅਗਵਾਈ ਹੇਠ ਸਰਜਨ ਡਾ. ਰਚਨ ਲਾਲ ਸਿੰਗਲਾ ਤੇ ਡਾ. ਵਿਕਾਸ ਗੋਇਲ ਦੀ ਟੀਮ ਦੇ ਨਾਲ ਪੈਡੀਆਟ੍ਰਿਕ ਸਰਜਨ ਡਾ. ਰਵੀ ਕੁਮਾਰ ਗਰਗ ਵੱਲੋਂ ਸਫਲ ਆਪ੍ਰੇਸ਼ਨ ਕਰਕੇ ਉਸ ਦੀ ਜਾਨ ਬਚਾਈ ਗਈ।
ਮਾਪਿਆਂ ਤੋਂ ਪਤਾ ਲੱਗਾ ਕਿ ਬੱਚੇ ਨੂੰ ਪਲਾਸਟਿਕ ਦੇ ਧਾਗੇ ਅਤੇ ਰਬੜ ਦੇ ਬੈਂਡ ਖਾਣ ਦੀ ਆਦਤ ਸੀ ਜਿਸ ਕਾਰਨ ਉਸ ਦੇ ਢਿੱਡ ‘ਚ ਪਲਾਸਟਿਕ ਜਮ੍ਹਾ ਹੋ ਗਿਆ ਸੀ ਤੇ ਉਸ ਨੂੰ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਸਨ। ਪਰਿਵਾਰਕ ਮੈਂਬਰਾਂ ਵੱਲੋਂ ਪੂਰੀ ਡਾਕਟਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।