ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ‘ਚ ਸ਼ੁੱਕਰਵਾਰ ਰਾਤ ਨੂੰ ਇਕ ਸ਼ਰਾਬੀ ਡਰਾਈਵਰ 5 ਤੋਂ 7 ਕਿਲੋਮੀਟਰ ਤੱਕ ਰੇਲਵੇ ਟਰੈਕ ‘ਤੇ ਟਰੱਕ ਭਜਾਉਂਦਾ ਰਿਹਾ। ਉਹ ਗਿਆਸਪੁਰਾ ਫਾਟਕ ਨੇੜੇ ਗਲਤ ਦਿਸ਼ਾ ਤੋਂ ਦਾਖਲ ਹੋਇਆ ਅਤੇ ਟਰੱਕ ਨੂੰ ਰੇਲਵੇ ਟਰੈਕ ‘ਤੇ ਭਜਾ ਦਿੱਤਾ। ਸ਼ੇਰਪੁਰ ਫਲਾਈਓਵਰ ਨੇੜੇ ਟਰੱਕ ਦੇ ਪਹੀਏ ਪਟੜੀ ਦੇ ਵਿਚਕਾਰ ਫਸ ਗਏ ਅਤੇ ਡਰਾਈਵਰ ਟਰੱਕ ਨੂੰ ਪਟੜੀ ‘ਤੇ ਛੱਡ ਗਿਆ। ਪਟੜੀ ‘ਤੇ ਟਰੱਕ ਚੱਲਣ ਦੀ ਸੂਚਨਾ ਮਿਲਦਿਆਂ ਹੀ ਲੁਧਿਆਣਾ ਸਟੇਸ਼ਨ ‘ਤੇ ਦਹਿਸ਼ਤ ਦਾ ਮਾਹੌਲ ਬਣ ਗਿਆ।
ਲੁਧਿਆਣਾ ਵੱਲ ਆ ਰਹੀ ਗੋਲਡਨ ਟੈਂਪਲ ਐਕਸਪ੍ਰੈਸ (12903) ਦੇ ਰਨਿੰਗ ਸਟਾਫ ਨੂੰ ਪਟੜੀ ‘ਤੇ ਇਕ ਟਰੱਕ ਦੀ ਮੌਜੂਦਗੀ ਦੀ ਸੂਚਨਾ ਮਿਲੀ। ਸੂਚਨਾ ਮਿਲਣ ਤੋਂ ਬਾਅਦ ਲੋਕੋ ਪਾਇਲਟ ਨੇ ਟਰੇਨ ਦੀ ਸਪੀਡ ਘਟਾ ਦਿੱਤੀ। ਉਸ ਨੇ SPS ਹਸਪਤਾਲ ਨੇੜੇ ਪਟੜੀ ’ਤੇ ਖੜ੍ਹੇ ਟਰੱਕ ਨੂੰ ਦੇਖਿਆ ਅਤੇ ਤੁਰੰਤ ਐਮਰਜੈਂਸੀ ਬ੍ਰੇਕਾਂ ਲਗਾ ਕੇ ਟਰੇਨ ਨੂੰ ਰੋਕ ਲਿਆ। ਟਰੇਨ ਦੀ ਰਫਤਾਰ ਘੱਟ ਹੋਣ ਅਤੇ ਸਮੇਂ ਸਿਰ ਐਮਰਜੈਂਸੀ ਬ੍ਰੇਕਾਂ ਲਗਾਉਣ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।
ਇਹ ਵੀ ਪੜ੍ਹੋ : ਲੁਧਿਆਣਾ : ਸੈਕਟਰ-39 ਸਥਿਤ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ‘ਸਲਾਨਾ ਸਪੋਰਟਸ ਫਿਏਸਟਾ-2023’ ਦੀ ਹੋਈ ਸ਼ੁਰੂਆਤ
ਇਹਤਿਆਤ ਵਜੋਂ ਲੁਧਿਆਣਾ ਤੋਂ ਨਵੀਂ ਦਿੱਲੀ ਜਾ ਰਹੀ ਸਵਰਨ ਸ਼ਤਾਬਦੀ ਐਕਸਪ੍ਰੈਸ (12030) ਨੂੰ ਵੀ ਰੋਕ ਦਿੱਤਾ ਗਿਆ। ਜੀ.ਆਰ.ਪੀ., ਆਰ.ਪੀ.ਐਫ., ਰੇਲਵੇ ਟ੍ਰੈਫਿਕ ਅਤੇ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਕਰੀਬ ਡੇਢ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਕਰੇਨ ਦੀ ਮਦਦ ਨਾਲ ਟਰੱਕ ਨੂੰ ਰੇਲਵੇ ਟ੍ਰੈਕ ਤੋਂ ਹਟਾ ਕੇ ਰਸਤੇ ‘ਚ ਰੁਕੀਆਂ ਗੱਡੀਆਂ ਨੂੰ ਮੁੜ ਰਵਾਨਾ ਕੀਤਾ। ਦੇਰ ਰਾਤ ਤੱਕ ਜੀਆਰਪੀ ਅਤੇ ਆਰਪੀਐਫ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ : –