DSP arrested in : ਬਠਿੰਡਾ ‘ਚ ਤਾਇਨਾਤ ਐੱਸ.ਟੀ.ਐੱਫ ਦੇ ਡੀ.ਐੱਸ.ਪੀ ਗੁਰਸ਼ਰਨ ਸਿੰਘ ਨੂੰ ਇੱਕ ਨਿੱਜੀ ਹੋਟਲ ‘ਚ ਇੱਕ ਮਹਿਲਾ ਨਾਲ ਇਤਰਾਜ਼ਯੋਗ ਹਾਲਤ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਬਠਿੰਡਾ ਦੇ ਐੱਸ.ਐੱਸ.ਪੀ ਭੁਪਿੰਦਰ ਸਿੰਘ ਵਿਰਕ ਨੇ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਸਿਵਲ ਲਾਈਨ ਥਾਣਾ ਪੁਲਿਸ ਡੀ.ਐੱਸ.ਪੀ ਨੂੰ ਲੈ ਕੇ ਆਈ ਹੈ ਤੇ ਪੁਲਿਸ ਵੱਲੋਂ ਜਾਂਚ ਜਾਰੀ ਹੈ। ਉਕਤ ਡੀ. ਐੱਸ. ਪੀ. ਹਨੂੰਮਾਨ ਚੌਕ ਨੇੜੇ ਸਥਿਤ ਇੱਕ ਹੋਟਲ ਦੇ ਕਮਰੇ ‘ਚ ਔਰਤ ਨਾਲ ਇਤਰਾਜ਼ਯੋਗ ਹਾਲਤ ‘ਚ ਫੜਿਆ ਗਿਆ। ਤੇ ਹੁਣ ਉਸ ਖਿਲਾਫ ਪੁਲਿਸ ਨੇ ਜਿਣਸੀ ਸ਼ੋਸ਼ਣ ਕਰਨ ਅਤੇ ਬਲੈਕਮੇਲ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। DSP ਗੁਰਸ਼ਰਨ ਸਿੰਘ ਨੂੰ ਸੋਮਵਾਰ ਰਾਤ ਔਰਤ ਨਾਲ ਹੋਟਲ ‘ਚ ਫੜਿਆ ਗਿਆ ਸੀ।
ਲਗਭਗ ਤਿੰਨ ਮਹੀਨੇ ਪਹਿਲਾਂ ਐੱਸ. ਟੀ. ਐੱਫ. ਦੀ ਟੀਮ ਨੇ ਪੰਜਾਬ ਪੁਲਿਸ ਦੇ ਏ. ਆਈ. ਨੂੰ ਹੈਰੋਇਨ ਸਮਗਲਿੰਗ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਏ. ਐੱਸ. ਆਈ. ਦੀ ਪਤਨੀ ਡੀ. ਐੱਸ. ਪੀ. ਦੇ ਸੰਪਰਕ ‘ਚ ਆਈ ਅਤੇ ਉਸ ਨੂੰ ਉਹ ਫੋਨ ਕਰਕੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਲੱਗਾ ਸੀ। ਉਥੇ ਉਸ ਨੇ ਅਤੇ ਉਸ ਦੇ ਪਰਿਵਾਰ ਨੂੰ ਝੂਠੇ ਸਮਗਿਲੰਗ ਦੇ ਕੇਸ ‘ਚ ਫਸਾਉਣ ਦੀ ਧਮਕੀ ਦੇ ਕੇ ਉਸ ਨੂੰ ਹੋਟਲ ‘ਚ ਬੁਲਾਉਣ ਲੱਗਾ। ਔਰਤ ਨੇ ਪਹਿਲਾਂ ਹੋਟਲ ‘ਚ ਜਾਣ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ‘ਚ ਡੀ. ਐੱਸ. ਪੀ. ਨੇ ਉਸ ‘ਤੇ ਅਤੇ ਉਸ ਦੇ ਪਤੀ ਤੇ ਬੇਟੇ ‘ਤੇ ਹੈਰੋਇਨ ਸਮਗਲਿੰਗ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਪੀੜਤ ਮਹਿਲਾ ਮੁਤਾਬਕ ਉਸ ‘ਤੇ ਅਤੇ ਉਸ ਦੇ ਪਤੀ ਤੇ ਬੇਟੇ ‘ਤੇ ਸਮਗਿਲੰਗ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਉਹ ਡੀ. ਐੱਸ. ਪੀ. ਦੀ ਗੱਲ ਮੰਨਣ ਨੂੰ ਮਜਬੂਰ ਹੋ ਗਈ। ਮਹਿਲਾ ਨੇ ਦੱਸਿਆ ਕਿ 13 ਸਤੰਬਰ ਨੂੰ ਡੀ. ਐੱਸ. ਪੀ. ਨੇ ਉਸ ਨੂੰ ਹਨੂੰਮਾਨ ਚੌਕ ਸਥਿਤ ਹੋਟਲ ‘ਚ ਬੁਲਾਇਆ ਜਿਥੇ ਉਸ ਨੇ ਡਰਾ ਧਮਕਾ ਕੇ ਉਸ ਨਾਲ ਗਲਤ ਕੰਮ ਕੀਤਾ ਤੇ ਬੀਤੀ 26 ਅਕਤੂਬਰ ਦੀ ਰਾਤ ਨੂੰ ਵੀ ਉਸ ਨੇ ਫਿਰ ਤੋਂ ਮਹਿਲਾ ਨੂੰ ਹੋਟਲ ‘ਚ ਬੁਲਾਇਆ ਜਿਥੇ ਡੀ. ਐੱਸ. ਪੀ.ਨੇ ਦੁਬਾਰਾ ਉਸ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਔਰਤ ਨੇ ਰੌਲਾ ਪਾ ਦਿੱਤਾ। ਮਹਿਲਾ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਪੀੜਤ ਮਹਿਲਾ ਦੀ ਸ਼ਿਕਾਇਤ ‘ਤੇ ਦੋਸ਼ੀ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।