Farmer color seen : ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਸਾਰਾ ਦੇਸ਼ ਹੀ ਕਿਸਾਨੀ ਰੰਗਾਂ ਵਿੱਚ ਰੰਗਿਆ ਨਜ਼ਰ ਆ ਰਿਹਾ ਹੈ। ਇਸ ਦਾ ਅਸਰ ਹੁਣ ਵਿਆਹਾਂ ‘ਤੇ ਹੀ ਦਿਖਣ ਲੱਗਾ ਹੈ। ਅਜਿਹਾ ਹੀ ਇੱਕ ਵਿਆਹ ਟਾਂਡਾ ਦੇ ਪਿੰਡ ਮੂਨਕ ਖੁਰਦ ਵਿਖੇ ਦੇਖਣ ਨੂੰ ਮਿਲਿਆ ਜਿਥੇ ਲਾੜੇ ਨੇ ਕਿਸਾਨੀ ਝੰਡਾ ਆਪਣੇ ਹੱਥ ‘ਚ ਫੜ ਕੇ ਲਾਵਾਂ ਲਈਆਂ। ਮਨਜੀਤ ਸਿੰਘ ਪੁੱਤਰ ਬਲਵੰਤ ਸਿੰਘ ਦਾ ਵਿਆਹ ਉਂਝ ਤਾਂ ਬਹੁਤ ਹੀ ਸਾਦੇ ਢੰਗ ਨਾਲ ਕੀਤਾ ਗਿਆ ਪਰ ਕਿਸਾਨੀ ਰੰਗਾਂ ਕਾਰਨ ਉਸ ਦਾ ਵਿਆਹ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਗਿਆ। ਵਿਆਹ ਵਾਲੀ ਗੱਡੀ ਨੂੰ ਫੁੱਲਾਂ ਨਾਲ ਨਹੀਂ ਸਜਾਇਆ ਗਿਆ ਸਗੋਂ ਉਸ ‘ਤੇ ਕਿਸਾਨੀ ਝੰਡਾ ਲਗਾ ਕੇ ਰਵਾਨਾ ਕੀਤਾ ਗਿਆ ਤੇ ਆਨੰਦ ਕਾਰਜ ਸਮੇਂ ਲਾੜੇ ਨੇ ਲਾਵਾਂ ਲੈਂਦੇ ਸਮੇਂ ਵੀ ਕਿਸਾਨੀ ਝੰਡੇ ਨੂੰ ਆਪਣੇ ਹੱਥ ‘ਚ ਹੀ ਫੜੀ ਰੱਖਿਆ।
ਵਿਆਹ ਮੌਕੇ ਸਾਬਕਾ ਮੈਂਬਰ ਜਿਲ੍ਹਾ ਪ੍ਰੀਸ਼ਦ ਸੁਖਵਿੰਦਰ ਸਿੰਘ ਮੂਨਕਾਂ ਤੇ ਯੂਥ ਆਗੂ ਸਰਬਜੀਤ ਸਿੰਘ ਮੋਮੀ ਵੀ ਮੌਜੂਦ ਸਨ। ਉਨ੍ਹਾਂ ਨੇ ਦੱਸਿਆ ਕਿ ਕਿਸਾਨੀ ਅੰਦੋਲਨ ਹੁਣ ਜਨ ਅੰਦੋਲਨ ਬਣਦਾ ਜਾ ਰਿਹਾ ਹੈ ਤੇ ਪੰਜਾਬ ਦੇ ਹਰ ਵਰਗ ਵੱਲੋਂ ਇਸ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਅੰਦੋਲਨ ਦੀ ਹਮਾਇਤ ਕਰਦਿਆਂ ਹੀ ਮਨਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿਸਾਨੀ ਰੰਗ ਦੀ ਛਾਪ ਵਿਆਹ ‘ਤੇ ਛੱਡਣ ਬਾਰੇ ਸੋਚਿਆ ਗਿਆ, ਜਿਸ ਦੀ ਸ਼ਲਾਘਾ ਪੂਰੇ ਪਿੰਡ ਵਾਸੀਆਂ ਵੱਲੋਂ ਕੀਤੀ ਜਾ ਰਹੀ ਹੈ।