Farmer commits suicide : ਦਿੱਲੀ ਵਿਖੇ ਕਿਸਾਨਾਂ ਵੱਲੋਂ ਅੱਜ 27ਵੇਂ ਦਿਨ ਵੀ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇਸੇ ਦੌਰਾਨ ਜਿਲ੍ਹਾ ਫਿਰੋਜ਼ਪੁਰ ਤੋਂ ਇੱਕ ਬੁਰੀ ਖਬਰ ਆਈ ਹੈ। ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਕਰੀਕਲਾ ਦੇ ਇੱਕ ਕਿਸਾਨ ਕੁਲਬੀਰ ਸਿੰਘ (52 ਸਾਲਾ) ਨੇ ਦਿੱਲੀ ਕਿਸਾਨ ਧਰਨ ਤੋਂ ਆਪਣੇ ਘਰ ਵਾਪਸ ਆ ਕੇ ਆਪਣੇ ਖੇਤ ਵਿਚ ਕਰਜ਼ੇ ਤੇ ਕਿਸਾਨ ਬਿੱਲਾਂ ਨੂੰ ਕੇਂਦਰ ਸਰਕਾਰ ਵੱਲੋਂ ਰੱਦ ਨਾ ਕਰਨ ਤੋਂ ਪ੍ਰੇਸ਼ਾਨ ਹੋ ਕੇ ਫੰਦਾ ਲਗਾ ਕੇ ਖੁਦਕੁਸ਼ੀ ਕਰ ਲਈ। ਉਕਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਪੁਲਿਸ ਵੱਲੋਂ 174 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।
ਮ੍ਰਿਤਕ ਕਿਸਾਨ ਦੇ ਭਤੀਜੇ ਗੁਰਪ੍ਰੀਤ ਨੇ ਦੱਸਿਆ ਕਿ ਕੁਲਬੀਰ ਕੋਲ ਢਾਈ ਏਕੜ ਜ਼ਮੀਨ ਸੀ ਅਤੇ ਉਸ ਉੱਤੇ 9 ਲੱਖ ਰੁਪਏ ਦਾ ਕਰਜ਼ਾ ਹੈ। ਮ੍ਰਿਤਕ ਕੁਲਬੀਰ ਸਿੰਘ ਦੇ ਚਾਰ ਹੋਰ ਭਰਾ ਹਨ ਅਤੇ ਸਾਰਿਆਂ ਕੋਲ ਤਿੰਨ-ਤਿੰਨ ਏਕੜ ਜ਼ਮੀਨ ਹੈ। ਕੁਲਬੀਰ ਨੇ ਕਰਜ਼ੇ ਕਾਰਨ ਕੁਝ ਜ਼ਮੀਨ ਵੇਚੀ ਸੀ। ਜ਼ਮੀਨ ਘੱਟ ਹੋਣ ਕਾਰਨ ਮ੍ਰਿਤਕ ਉੱਤੇ ਕਰਜ਼ਾ ਵਧ ਗਿਆ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਲਬੀਰ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਬਹੁਤ ਚਿੰਤਤ ਸੀ।
ਇਸੇ ਤਰ੍ਹਾਂ ਜਿਲ੍ਹਾ ਤਰਨਤਾਰਨ ਤੋਂ 65 ਸਾਲਾ ਕਿਸਾਨ ਨਿਰੰਜਨ ਸਿੰਘ ਨੇ ਧਰਨੇ ਵਾਲੀ ਥਾਂ ‘ਤੇ ਹੀ ਜ਼ਹਿਰ ਖਾ ਲਿਆ। ਹਾਲਤ ਵਿਗੜਣ ‘ਤੇ ਉਸਨੂੰ ਸੋਨੀਪਤ ਦੇ ਜਨਰਲ ਹਸਪਤਾਲ ਲਿਆਂਦਾ ਗਿਆ ਜਿੱਥੋਂ ਉਸ ਨੂੰ ਰੋਹਤਕ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਿਸਾਨ ਨਿਰੰਜਨ ਨੇ ਦੱਸਿਆ ਕਿ ਉਸ ਕੋਲੋਂ ਕਿਸਾਨਾਂ ਦਾ ਦੁੱਖ ਸਹਿਣ ਨਹੀਂ ਹੋਇਆ ਤਾਂ ਉਸਨੇ ਜ਼ਹਿਰ ਖਾ ਲਿਆ। ਉਸ ਦਾ ਕਹਿਣਾ ਸੀ ਕਿ ਸਰਕਾਰ ਤਿੰਨੋਂ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਰਹੀ ਸੀ ਅਤੇ ਕੁਰਬਾਨੀ ਦੇਣ ਲਈ ਉਸ ਨੇ ਜ਼ਹਿਰ ਖਾ ਲਿਆ ਸੀ। ਫਿਲਹਾਲ ਕਿਸਾਨ ਦੀ ਹਾਲਤ ਨਾਜ਼ੁਕ ਹੈ, ਜਿਸ ਨੂੰ ਡਾਕਟਰਾਂ ਨੇ ਰੋਹਤਕ ਪੀ.ਜੀ.ਆਈ. ਰੈਫਰ ਕਰ ਦਿੱਤਾ ਹੈ।