Farmer sitting in : ਹਰਿਆਣਾ : ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ, ਸੋਨੀਪਤ, ਹਰਿਆਣਾ ਵਿਚ ਕੁੰਡਲੀ ਬਾਰਡਰ ‘ਤੇ ਚੱਲ ਰਹੇ ਧਰਨੇ ‘ਚ ਸੋਮਵਾਰ ਨੂੰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਬਜ਼ੁਰਗ ਕਿਸਾਨ ਨੇ ਜ਼ਹਿਰ ਖਾ ਲਿਆ। 65 ਸਾਲਾ ਕਿਸਾਨ ਨਿਰੰਜਨ ਸਿੰਘ, ਜੋ ਕਿ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਹੈ, ਨੇ ਧਰਨੇ ਵਾਲੀ ਥਾਂ ‘ਤੇ ਹੀ ਜ਼ਹਿਰ ਖਾਧਾ। ਹਾਲਤ ਵਿਗੜਣ ‘ਤੇ ਉਸਨੂੰ ਸੋਨੀਪਤ ਦੇ ਜਨਰਲ ਹਸਪਤਾਲ ਲਿਆਂਦਾ ਗਿਆ ਜਿੱਥੋਂ ਉਸ ਨੂੰ ਰੋਹਤਕ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕਿਸਾਨ ਨਿਰੰਜਨ ਨੇ ਦੱਸਿਆ ਕਿ ਉਸ ਕੋਲੋਂ ਕਿਸਾਨਾਂ ਦਾ ਦੁੱਖ ਸਹਿਣ ਨਹੀਂ ਹੋਇਆ ਤਾਂ ਉਸਨੇ ਜ਼ਹਿਰ ਖਾ ਲਿਆ। ਉਸ ਦਾ ਕਹਿਣਾ ਸੀ ਕਿ ਸਰਕਾਰ ਤਿੰਨੋਂ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਰਹੀ ਸੀ ਅਤੇ ਕੁਰਬਾਨੀ ਦੇਣ ਲਈ ਉਸ ਨੇ ਜ਼ਹਿਰ ਖਾ ਲਿਆ ਸੀ। ਫਿਲਹਾਲ ਕਿਸਾਨ ਦੀ ਹਾਲਤ ਨਾਜ਼ੁਕ ਹੈ, ਜਿਸ ਨੂੰ ਡਾਕਟਰਾਂ ਨੇ ਰੋਹਤਕ ਪੀ.ਜੀ.ਆਈ. ਰੈਫਰ ਕਰ ਦਿੱਤਾ ਹੈ। ਦੱਸ ਦੇਈਏ ਕਿ ਸੋਨੀਪਤ ਦੀ ਸਿੰਘੂ ਸਰਹੱਦ ‘ਤੇ ਕਿਸਾਨ ਲਗਾਤਾਰ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਬੈਠੇ ਹਨ ਅਤੇ ਕਿਸਾਨਾਂ ਦੀ ਇਕੋ ਮੰਗ ਹੈ ਕਿ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਪਰ ਹੁਣ ਕਿਤੇ ਕਿਤੇ ਹੁਣ ਕਿਸਾਨ ਕੁਰਬਾਨੀ ਦੇ ਰਾਹ ਤੁਰ ਪਏ ਹਨ
ਇਸ ਤੋਂ ਪਹਿਲਾਂ ਬੁੱਧਵਾਰ ਨੂੰ, ਨਾਨਕਸਰ ਸਿੰਗਰਾ ਗੁਰਦੁਆਰੇ ਦੇ ਬਾਬਾ ਰਾਮ ਸਿੰਘ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕੁੰਡਲੀ ਬਾਰਡਰ ‘ਤੇ ਸਥਿਤ ਧਰਨੇ ‘ਤੇ ਕਨਪੱਟੀ ‘ਤੇ ਗੋਲੀ ਰੱਖ ਕੇ ਖੁਦਕੁਸ਼ੀ ਕਰ ਲਈ ਸੀ। ਉਨ੍ਹਾਂ ਕੋਲੋਂ ਇੱਕ ਸੁਸਾਈਡ ਨੋਟ ਮਿਲਿਆ ਸੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਕਿਸਾਨਾਂ ਦਾ ਦਰਦ ਨਹੀਂ ਦੇਖਿਆ ਜਾ ਰਿਹਾ। ਠੰਡ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਸੜਕ ’ਤੇ ਪਰੇਸ਼ਾਨ ਹੋ ਰਹੇ ਹਨ। ਜਿਸ ਕਾਰਨ ਉਨ੍ਹਾਂ ਨੇ ਰੋਹ ਵਜੋਂ ਖੁਦਕੁਸ਼ੀ ਕਰ ਲਈ ਸੀ।