Farmer Support Centers : ਬਰਨਾਲਾ : ਕਿਸਾਨਾਂ ਨੂੰ ਫਸਲ ਦੀ ਸਿੱਧੀ ਅਦਾਇਗੀ ਸਬੰਧੀ ਰਜਿਸਟ੍ਰੇਸ਼ਨ ਲਈ ਆ ਰਹੀਆਂ ਮੁਸ਼ਕਲਾਂ ਦੇ ਹੱਲ ਅਤੇ ਸਹੀ ਅਗਵਾਈ ਕਰਨ ਲਈ ਜ਼ਿਲਾ ਬਰਨਾਲਾ ਦੀਆਂ 5 ਮਾਰਕੀਟ ਕਮੇਟੀਆਂ ਦੇ ਦਫਤਰਾਂ ਵਿਚ ਕਿਸਾਨ ਹੈਲਪ ਡੈਸਕ ਬਣਾਏ ਗਏ ਹਨ, ਜੋ ਕਿਸਾਨਾਂ ਲਈ ਸਹਾਈ ਸਿੱਧ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਮੰਡੀ ਅਫਸਰ ਜਸਪਾਲ ਸਿੰਘ ਨੇ ਦੱਸਿਆ ਕਿ ਕਣਕ ਦੀ ਖ਼ਰੀਦ ਤੋਂ ਬਾਅਦ ਉਨਾਂ ਦੇ ਖਾਤਿਆਂ ਵਿਚ ਸਿੱਧੀ ਅਦਾਇਗੀ ਕਰਨ ਲਈ ਜਿੱਥੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ, ਉਥੇ ਹੀ ਕਿਸਾਨਾਂ ਦੀ ਅਨਾਜ ਖ਼ਰੀਦ ਪੋਰਟਲ ’ਤੇ ਰਜਿਸਟਰੇਸ਼ਨ ਕਰਨ ਲਈ ਕਿਸਾਨ ਹੈਲਪ ਡੈਸਕ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਖਾਤਿਆਂ ਵਿਚ ਜਿਣਸ ਦੀ ਸਿੱਧੀ ਅਦਾਇਗੀ ਕਰਨ ਲਈ ਅਨਾਜ ਖ਼ਰੀਦ ਪੋਰਟਲ ਬਣਾਇਆ ਗਿਆ ਹੈ ਅਤੇ ਜਿਨ੍ਹਾਂ ਕਿਸਾਨਾਂ ਦੀ ਇਸ ਪੋਰਟਲ ’ਤੇ ਰਜਿਸਟਰੇਸ਼ਨ ਨਹੀਂ ਹੋਈ ਹੈ, ਉਨਾਂ ਦੀ ਰਜਿਸਟਰੇਸ਼ਨ ਪੰਜੇ ਮਾਰਕੀਟ ਕਮੇਟੀਆਂ ਵਿਚ ਸਥਾਪਤ ਕੀਤੇ ਗਏ ਹੈਲਪ ਡੈਸਕ ’ਤੇ ਕੀਤੀ ਜਾ ਰਹੀ ਹੈ।
ਉਨ੍ਹਾਂ ਅਨਾਜ ਖ਼ਰੀਦ ਪੋਰਟਲ ’ਤੇ ਰਜਿਸਟਰੇਸ਼ਨ ਦੀ ਪ੍ਰਕਿਰਿਆ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਲਈ ਕਿਸਾਨ ਨੂੰ ਆਪਣਾ ਆਧਾਰ ਕਾਰਡ, ਬੈਂਕ ਖਾਤਾ ਅਤੇ ਸਬੰਧਤ ਆੜਤੀਏ ਸਬੰਧੀ ਵੇਰਵੇ ਦੇਣੇ ਹੁੰਦੇ ਹਨ, ਇਸ ਮਗਰੋਂ ਪਹਿਲਾਂ ਆਈ ਫਾਰਮ ਅਤੇ ਫੇਰ ਜੇ ਫਾਰਮ ਜਨਰੇਟ ਹੁੰਦਾ ਹੈ। ਜ਼ਿਲਾ ਮੰਡੀ ਅਫ਼ਸਰ ਨੇ ਦੱਸਿਆ ਕਿ ਕਿਸਾਨ ਹੈਲਪ ਡੈਸਕ ’ਤੇ ਅਕਾਊਂਟ ਰਜਿਸਟਰੇਸ਼ਨ ਤੋਂ ਇਲਾਵਾ ਕਿਸੇ ਵੀ ਤਰਾਂ ਦੀ ਅਦਾਇਗੀ ਸਬੰਧੀ ਮੁਸ਼ਕਲ ਆਦਿ ਬਾਰੇ ਵੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਪੈਣ ’ਤੇ ਕਿਸਾਨ ਹੈਲਪ ਡੈਸਕ ’ਤੇ ਰਾਬਤਾ ਬਣਾਉਣ।