Farmers at Singhu : ਨਵੀਂ ਦਿੱਲੀ : ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਸੰਘਰਸ਼ ਅੱਜ ਵੀ ਜਾਰੀ ਹੈ। ਰਾਤ ਦੇ ਸਮੇਂ ਸਿੰਘੂ ਬਾਰਡਰ ‘ਤੇ ਪੰਜਾਬ ਤੋਂ ਘੋੜੇ ਮੰਗਵਾਏ ਗਏ ਹਨ। ਇਹ ਘੋੜੇ ਟਰੱਕਾਂ ‘ਚ ਆਏ ਹਨ। ਅਜੇ 40 ਤੋਂ 50 ਘੋੜੇ ਆਏ ਹਨ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਲੋੜ ਪਈ ਤਾਂ ਹੋਰ ਵੀ ਮੰਗਵਾਉਣਗੇ। ਘੋੜਿਆਂ ਨਾਲ ਪੰਜਾਬ ਤੋਂ ਕੁਝ ਹੋਰ ਲੋਕ ਵੀ ਆਏ ਹਨ। ਘੋੜਿਆਂ ਬਾਰੇ ਜਦੋਂ ਕਿਸਾਨਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਸਾਨੂੰ ਦਿੱਲੀ ਨਹੀਂ ਜਾਣ ਦੇ ਰਹੀ। ਹਰ ਪਾਸੇ ਬੈਰੀਕੇਡ ਲਗਾ ਦਿੱਤੇ ਹਨ। ਜੇਕਰ ਲੋੜ ਪਈ ਤਾਂ ਅਸੀਂ ਘੋੜਿਆਂ ‘ਤੇ ਸਵਾਰ ਹੋ ਕੇ ਬੈਰੀਕੇਡ ਲੰਘਾਂਗੇ ਪਰ ਮੰਗਾਂ ਨਾ ਮੰਨੇ ਜਾਣ ‘ਤੇ ਅਸੀਂ ਦਿੱਲੀ ਜ਼ਰੂਰ ਜਾਵਾਂਗੇ। ਅੱਜ ਕਿਸਾਨ ਨੇਤਾਵਾਂ ਦੀ 11 ਵੇਂ ਮੀਟਿੰਗ ਹੈ। ਮੀਟਿੰਗ ਤੋਂ ਪਹਿਲਾਂ ਸਟੇਜ ਤੋਂ ਕੱਲ ਸਰਕਾਰ ਨਾਲ ਹੋਈ ਚਰਚਾ ਬਾਰੇ ਬਾਕੀ ਕਿਸਾਨਾਂ ਨੂੰ ਲਗਾਤਾਰ ਦੱਸਿਆ ਜਾ ਰਿਹਾ ਹੈ।
ਕਿਸਾਨਾਂ ਦੇ ਦਿੱਲੀ ਦੇ ਬਾਰਡਰ ‘ਤੇ ਪਹੁੰਚਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਈ ਕਿਲੋਮੀਟਰ ਦੂਰ ਤੱਕ ਟਰੈਕਟਰ ਟਰਾਲੀਆਂ ਲੱਗੀਆਂ ਹੋਈਆਂ ਹਨ। ਖੇਤੀ ਕਾਨੂੰਨਾਂ ਖਿਲਾਫ ਦਿੱਲੀ, ਯੂ. ਪੀ. ਬਾਰਡਰ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਡਟੇ ਰਹਿਣਗੇ। ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਸਾਡੇ ਕੋਲ 3-4 ਮਹੀਨੇ ਦਾ ਰਾਸ਼ਨ ਹੈ, ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਅਸੀਂ ਨਹੀਂ ਹਟਾਂਗੇ। ਕਿਸਾਨ ਆਪਣੇ ਘਰ ਦਾ ਸਾਰਾ ਕੰਮਕਾਜ ਛੱਡ ਕੇ ਪ੍ਰਦਰਸ਼ਨ ‘ਚ ਲੱਗੇ ਹੋਏ ਹਨ।
ਇੱਕ ਅਜਿਹੇ ਹੀ ਕਿਸਾਨ ਸੁਭਾਸ਼ ਚੀਮਾ ਜਿਸ ਦੀ ਬੇਟੀ ਦਾ ਵਿਆਹ ਸੀ ਪਰ ਉਹ ਵਿਆਹ ‘ਚ ਸ਼ਾਮਲ ਨਹੀਂ ਹੋਇਆ ਕਿਉਂਕਿ ਉਸ ਲਈ ਕਿਸਾਨਾਂ ਦੀ ਆਵਾਜ਼ ਉਠਾਉਣਾ ਜ਼ਿਆਦਾ ਜ਼ਰੂਰੀ ਹੈ। ਕਿਸਾਨ ਸੁਭਾਸ਼ ਚੀਮਾ ਨੇ ਦੱਸਿਆ ਕਿ ਅੱਜ ਉਹ ਜੋ ਕੁਝ ਵੀ ਹੈ ਆਪਣੀ ਖੇਤੀ ਤੇ ਕਿਸਾਨੀ ਕਾਰਨ ਹੀ ਹੈ। ਜ਼ਿੰਦਗੀ ਭਰ ਉਸ ਨੇ ਖੇਤੀ ਦਾ ਕੰਮ ਕੀਤਾ ਅਤੇ ਇਸ ਤੋਂ ਹੀ ਉਸ ਦਾ ਪਰਿਵਾਰ ਚੱਲਦਾ ਹੈ। ਕਿਸਾਨ ਅੰਦੋਲਨ ਤੋਂ ਆਪਣੀਆਂ ਨਜ਼ਰਾਂ ਨਹੀਂ ਮੋੜ ਸਕਦੇ ਅਤੇ ਇਸ ਨੂੰ ਵਿਚ ਛੱਡ ਕੇ ਵੀ ਨਹੀਂ ਭੱਜ ਸਕਦੇ। ਵੀਰਵਾਰ ਨੂੰ ਉਨ੍ਹਾਂ ਦੀ ਧੀ ਦਾ ਵਿਆਹ ਸੀ ਪਰ ਉਨ੍ਹਾਂ ਨੇ ਇਸ ‘ਚ ਹਿੱਸਾ ਨਹੀਂ ਲਿਆ। ਚੀਮਾ ਬੀ. ਕੇ. ਯੂ. ਦੇ ਮੈਂਬਰ ਹਨ ਅਤੇ ਕਈ ਸਾਲਾਂ ਤੋਂ ਇਸ ਨਾਲ ਜੁੜੇ ਹੋਏ ਹਨ।