Farmers demand answer : ਨਵੀਂ ਦਿੱਲੀ : ਬੀਤੇ ਦਿਨੀਂ ਵੀ ਕਿਸਾਨਾਂ ਦੇ ਕੇਂਦਰ ਵਿਚਾਲੇ ਹੋਈ ਮੀਟਿੰਗ ਕਿਸੇ ਠੋਸ ਨਤੀਜੇ ‘ਤੇ ਨਹੀਂ ਪੁੱਜ ਸਕੀ। ਕਿਸਾਨਾਂ ਨੇ ਕੇਂਦਰ ਤੋਂ ਸਿਰਫ ਹਾਂ ਜਾਂ ਨਾਂਹ ‘ਚ ਜਵਾਬ ਦੇਣ ਲਈ ਕਿਹਾ ਸੀ। ਪਰ ਕੋਈ ਹੱਲ ਅਜੇ ਮੀਟਿੰਗ ਤੋਂ ਨਹੀਂ ਨਿਕਲਿਆ ਤੇ ਕਿਸਾਨ ਜਥੇਬੰਦੀਆਂ ਅਜੇ ਵੀ ਸੰਘਰਸ਼ ‘ਤੇ ਡਟੀਆਂ ਹੋਈਆਂ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੱਕੇ ਮੋਰਚੇ ਲਗਾਉਣਗੇ ਤੇ ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਹ ਪਿੱਛੇ ਨਹੀਂ ਹਟਣ ਵਾਲੇ। ਸਾਢੇ ਚਾਰ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਵੀ ਕਿਸਾਨਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਤੇ ਕਿਸਾਨ ਜਥੇਬੰਦੀਆਂ ਨਿਰਾਸ਼ ਹੋ ਕੇ ਬਾਹਰ ਨਿਕਲੀਆਂ।
ਮੀਟਿੰਗ ਤੋਂ ਬਾਅਦ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਕਿਸਾਨੀ ਅੰਦੋਲਨ ਨੂੰ ਲੈ ਕੇ ਕਹਿਣਾ ਹੈ ਕਿ ਬਜ਼ੁਰਗ ਤੇ ਬੱਚੇ ਵਾਪਸ ਚਲੇ ਜਾਣ ਕਿਉਂਕਿ ਇੱਕ ਤਾਂ ਠੰਡ ਬਹੁਤ ਹੈ ਤੇ ਦੂਜਾ ਕੋਰੋਨਾ ਮਹਾਮਾਰੀ ਕਾਰਨ ਭੀੜ ਵੀ ਇੰਨੀ ਇਕੱਠੀ ਨਹੀਂ ਹੋਣੀ ਚਾਹੀਦੀ। ਪਰ ਬਜ਼ਰੁਗਾਂ ਤੇ ਬੱਚਿਆਂ ‘ਚ ਉਤਸ਼ਾਹ ਦੇਖਦੇ ਹੀ ਬਣਦਾ ਹੈ। ਉਹ ਨੌਜਵਾਨਾਂ ਤੋਂ ਕਿਸੇ ਪਾਸਿਓਂ ਵੀ ਘੱਟ ਨਹੀਂ ਹਨ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਨਾਂ ਤਾਂ ਬੱਚੇ ਜਾਣਗੇ ਤੇ ਨਾ ਹੀ ਬਜ਼ੁਰਗ ਜਾਣਗੇ ਤੇ ਉਹ ਇਸੇ ਤਰ੍ਹਾਂ ਹੀ ਸੰਘਰਸ਼ ‘ਚ ਡਟੇ ਰਹਿਣਗੇ। ਕਿਸਾਨਾਂ ਤੇ ਕੇਂਦਰ ਵਿਚਾਲੇ ਅਗਲੀ ਮੀਟਿੰਗ ਹੁਣ 9 ਦਸੰਬਰ ਨੂੰ ਹੋਣੀ ਤੈਅ ਹੋਈ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਕਿਸਾਨਾਂ ਦੀ ਆਪਸੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਵੱਡੇ ਫੈਸਲੇ ਲਏ ਜਾ ਸਕਦੇ ਹਨ ਤੇ ਅਗਲੀ ਰਣਨੀਤੀ ਬਣਾਈ ਜਾ ਰਹੀ ਹੈ। 8 ਦਸੰਬਰ ਨੂੰ ‘ਭਾਰਤ ਬੰਦ’ ਦਾ ਵੀ ਫੈਸਲਾ ਲਿਆ ਗਿਆ ਹੈ। ਕੇਂਦਰ ਤੇ ਕਿਸਾਨਾਂ ਵਿਚਲੀ ਮੀਟਿੰਗ ਦਰਮਿਆਨ ‘ਭਾਰਤ ਬੰਦ’ ਦੇ ਐਲਾਨ ਨੂੰ ਵਾਪਸ ਲੈਣ ਲਈ ਕਿਹਾ ਗਿਆ ਸੀ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਿੱਛੇ ਨਹੀਂ ਹਟਣ ਵਾਲੇ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਖੇਤੀ ਕਾਨੂੰਨ ਰੱਦ ਕਰ ਦੇਵੇ ਉਹ ਭਾਰਤ ਬੰਦ ਦੀ ਕਾਲ ਨੂੰ ਰੱਦ ਕਰ ਦੇਣਗੇ।
ਕਿਸਾਨਾਂ ਦਾ ਕਹਿਣਾ ਹੈ ਕਿ ਉਹ ਖੇਤੀ ਕਾਨੂੰਨਾਂ ‘ਚ ਸੋਧ ਨਹੀਂ ਚਾਹੁੰਦੇ ਸਗੋਂ ਰੱਦ ਕਰਨਾ ਚਾਹੁੰਦੇ ਹਨ। ਅੱਜ ਹੋ ਰਹੀ ਕਿਸਾਨਾਂ ਦੀ ਮੀਟਿੰਗ ‘ਚ ਕੌਮਾਂਤਰੀ ਖਿਡਾਰੀਆਂ ਵੱਲੋਂ ਕੱਲ੍ਹ ਕੇਂਦਰ ਨੂੰ ਸਨਮਾਨ ਵਾਪਸ ਕੀਤੇ ਜਾਣ ਬਾਰੇ ਗੱਲ ‘ਤੇ ਵੀ ਚਰਚਾ ਕੀਤੀ ਗਈ। ਇਸ ਤੋਂ ਬਾਅਦ ‘ਭਾਰਤ ਬੰਦ’ ਦੀ ਕਾਲ ‘ਤੇ ਵੀ ਆਪਣੀ ਰਣਨੀਤੀ ਕਿਸਾਨਾਂ ਵੱਲੋਂ ਬਣਾਈ ਜਾ ਰਹੀ ਹੈ। ਮਾਤਾ ਗੁਜਰੀ ਦੀ ਉਦਾਹਰਣ ਦਿੰਦੇ ਹੋਏ ਕਿਸਾਨ ਅੰਦੋਲਨ ‘ਚ ਸ਼ਾਮਲ ਬਜ਼ੁਰਗਾਂ ਤੇ ਬੱਚਿਆਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਹਾਲਤ ‘ਚ ਪਿੱਛੇ ਨਹੀਂ ਹਟਣ ਵਾਲੇ ਹਨ। ਉਨ੍ਹਾਂ ਦਾ ਕਹਿਣਾਹੈ ਕਿ ਭਾਵੇਂ ਉਨ੍ਹਾਂ ਨੂੰ ਸਵੈਟਰ, ਕੋਟੀਆਂ, ਰਜਾਈਆਂ ਵੀ ਨਾ ਦਿੱਤੀਆਂ ਜਾਣ ਪਰ ਫਿਰ ਵੀ ਉਹ ਟਸ ਤੋਂ ਮਸ ਨਹੀਂ ਹੋਣ ਵਾਲੇ। ਇੰਝ ਕਹਿ ਕੇ ਖੇਤੀਬਾੜੀ ਮੰਤਰੀ ਨੇ ਸਾਡਾ ਮਜ਼ਾਕ ਉਡਾਇਆ ਹੈ। 9 ਦਸੰਬਰ ਦੀ ਮੀਟਿੰਗ ‘ਤੇ ਹੀ ਹੁਣ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।