Farmers’ organizations in : ਬੀਤੇ ਕੱਲ੍ਹ ਹੋਈ ਕਿਸਾਨਾਂ ਤੇ ਸਰਕਾਰ ਵਿਚਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈ ਕੇ ਮੀਟਿੰਗ ਹੋਈ। ਕੇਂਦਰ ਵੱਲੋਂ ਕਾਨੂੰਨਾਂ ‘ਤੇ ਇੱਕ ਸਾਲ ਲਈ ਰੋਕ ਲਗਾਉਣ ਬਾਰੇ ਕਿਹਾ ਗਿਆ ਤੇ ਕਮੇਟੀ ਬਣਾਉਣ ਦਾ ਪ੍ਰਸਤਾਵ ਦਿੱਤਾ ਗਿਆ ਜਿਸ ‘ਤੇ ਕਿਸਾਨ ਜਥੇਬੰਦੀਆਂ ਵਿਚਾਰ-ਵਟਾਂਦਰਾ ਕਰਕੇ ਕੋਈ ਫੈਸਲਾ ਲੈਣਗੀਆਂ। ਕਿਸਾਨ ਆਗੂਆਂ ਵੱਲੋਂ 26 ਜਨਵਰੀ ਨੂੰ ਟਰੈਕਟਰ ਪਰੇਡ ਦੀ ਤਿਆਰੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਇਸ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਵੀਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਸੈਂਕੜੇ ਟਰੈਕਟਰਾਂ ਨਾਲ ਰਿਹਰਸਲ ਕੀਤੀ। ਸੁਨਾਮ ਦੀ ਨਵੀਂ ਅਨਾਜ ਮੰਡੀ ਵਿਖੇ ਸੈਂਕੜੇ ਟਰੈਕਟਰਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ। ਯੂਨੀਅਨ ਦੇ ਜਨਰਲ ਸੱਕਤਰ ਰਾਮਸ਼ਰਨ ਸਿੰਘ ਦੀ ਅਗਵਾਈ ਹੇਠ ਟਰੈਕਟਰ ਕਾਫਲਾ ਚੀਮਾ ਮੰਡੀ, ਤੋਲੇਵਾਲ, ਜਖੇਪਲ, ਉਗਰਾਹਾਂ, ਮੌਜੋਵਾਲ, ਮੇਦੇਵਾਸ, ਛਾਜਲਾ ਅਤੇ ਛਾਜਲੀ ਪਿੰਡ ਪਹੁੰਚਿਆ। ਟਰੈਕਟਰਾਂ ਦਾ ਕਾਫਲਾ ਵਿਸ਼ਾਲ ਹੁੰਦਾ ਗਿਆ ਅਤੇ ਆਖਰੀ ਪੜਾਅ ਪਿੰਡ ਛਾਜਲੀ ਪਹੁੰਚਿਆ। ਟਰੈਕਟਰਾਂ ਦੀ ਗਿਣਤੀ 500 ਤੋਂ ਵੀ ਵਧ ਗਈ। ਪਿੰਡ ਦੇ ਲੋਕਾਂ ਨੇ ਉਤਸ਼ਾਹ ਨਾਲ ਟਰੈਕਟਰ ਕਾਫਲੇ ਵਿੱਚ ਹਿੱਸਾ ਲਿਆ।
ਕਿਸਾਨ ਨੁਮਾਇੰਦਿਆਂ ਰਾਮਸ਼ਰਨ ਸਿੰਘ, ਭਗਵਾਨ ਸਿੰਘ, ਪਰਵਿੰਦਰ ਸਿੰਘ, ਰਿੰਪਾ ਕਣਕਵਾਲ, ਸੌਦਾਗਰ ਸਿੰਘ, ਰੋਹੀ ਸਿੰਘ, ਪਰਮਜੀਤ ਸਿੰਘ, ਭੁਪਿੰਦਰ ਸਿੰਘ, ਸਰਵਨ ਸਿੰਘ ਆਦਿ ਨੇ ਕਿਹਾ ਕਿ ਕਿਸਾਨਾਂ ਦੀ ਇਕੋ ਮੰਗ ਹੈ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਉਕਤ ਕਾਨੂੰਨ ਕਿਸਾਨਾਂ ਸਮੇਤ ਸਾਰੇ ਵਰਗਾਂ ਦੇ ਹੱਕ ਵਿੱਚ ਨਹੀਂ ਹੈ। ਉਨ੍ਹਾਂ ਦੁਹਰਾਇਆ ਕਿ 26 ਜਨਵਰੀ ਨੂੰ ਕਿਸਾਨ ਦਿੱਲੀ ਦੇ ਬਾਹਰੀ ਹਿੱਸੇ ਵਿੱਚ ਟਰੈਕਟਰ ਪਰੇਡ ਕੱਢਣਗੇ ਅਤੇ ਪੰਜਾਬ ਤੋਂ ਹਜ਼ਾਰਾਂ ਟਰੈਕਟਰ ਇਸ ਪਰੇਡ ਵਿੱਚ ਹਿੱਸਾ ਲੈਣਗੇ। ਇਸ ਪਰੇਡ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਰਿਹਰਸਲ ਕੀਤੀ ਗਈ ਹੈ। 23 ਜਨਵਰੀ ਨੂੰ ਕਿਸਾਨ ਆਪਣੇ ਟਰੈਕਟਰਾਂ ਨਾਲ ਦਿੱਲੀ ਲਈ ਰਵਾਨਾ ਹੋਣਗੇ। ਕਿਸਾਨ ਪ੍ਰਤੀਨਿਧੀਆਂ ਨੇ ਕਿਹਾ ਕਿ ਦੇਸ਼ ਦੀਆਂ ਸਾਰੀਆਂ ਕਿਸਾਨ ਯੂਨੀਅਨਾਂ ਕੇਂਦਰ ਸਰਕਾਰ ਦੀ ਨਵੀਂ ਪੇਸ਼ਕਸ਼ ਦੇ ਸੰਦਰਭ ਵਿੱਚ ਆਪਸੀ ਸਹਿਮਤੀ ਨਾਲ ਫੈਸਲਾ ਲੈਣਗੀਆਂ।
ਸਰਕਾਰ ਨੇ ਕਿਸਾਨ ਆਗੂਆਂ ਨੂੰ ਇੱਕ ਵਾਰ ਫਿਰ ਸਾਫ ਕਹਿ ਦਿੱਤਾ ਹੈ ਕਿ ਉਹ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ। ਜੇਕਰ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹਨ ਤਾਂ ਤੁਸੀ ਸੁਪਰੀਮ ਕੋਰਟ ਜਾ ਸਕਦੇ ਹੋ। ਜਦਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸੁਪਰੀਮ ਕੋਰਟ ਦੀਆ ਕਾਰਵਾਈਆਂ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਹੈ।