Farmers to stage : ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਸਰਹੱਦ ਦੇ ਨਾਲ-ਨਾਲ ਕਿਸਾਨ ਸੰਗਠਨਾਂ ਦਾ ਅੰਦੋਲਨ ਸ਼ਨੀਵਾਰ ਨੂੰ 38 ਵੇਂ ਦਿਨ ਵੀ ਜਾਰੀ ਹੈ। ਕੜਾਕੇ ਦੀ ਠੰਡ ‘ਚ ਵੀ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ‘ਤੇ ਕੋਈ ਅਸਰ ਨਹੀਂ ਪਿਆ ਅਤੇ ਉਹ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਧਰਨਾ ਦੇਣ ਲਈ ਦ੍ਰਿੜ ਹਨ। ਕਿਸਾਨ ਜੱਥੇਬੰਦੀਆਂ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅੰਦੋਲਨ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਤੱਕ ਜਾਰੀ ਰਹੇਗਾ। ਕਿਸਾਨ ਮੋਰਚਾ ਦੀ ਪ੍ਰੈਸ ਕਾਨਫਰੰਸ ਦੌਰਾਨ, ਕਿਸਾਨ ਯੂਨੀਅਨ ਦੇ ਪ੍ਰਧਾਨ ਦਰਸ਼ਨ ਪਾਲ ਨੇ ਕਿਹਾ ਕਿ 23 ਜਨਵਰੀ ਨੂੰ ਅਸੀਂ ਵੱਖ-ਵੱਖ ਰਾਜਾਂ ਦੇ ਰਾਜਪਾਲਾਂ ਦੇ ਘਰਾਂ ਵੱਲ ਮਾਰਚ ਕਰਾਂਗੇ ਅਤੇ 26 ਜਨਵਰੀ ਨੂੰ ਦਿੱਲੀ ਵਿੱਚ ਇੱਕ ‘ਟਰੈਕਟਰ ਕਿਸਾਨ ਪਰੇਡ’ ਆਯੋਜਿਤ ਕੀਤਾ ਜਾਵੇਗਾ। ਕਿਸਾਨ ਯੂਨੀਅਨ ਨੇ ਕਿਹਾ ਕਿ ਅਸੀਂ ਸ਼ਾਂਤੀਪੂਰਨ ਸੀ, ਸ਼ਾਂਤੀਪੂਰਨ ਹਾਂ ਤੇ ਸ਼ਾਂਤੀਪੂਰਨ ਰਹਾਂਗੇ ਪਰ ਉਦੋਂ ਤੱਕ ਦਿੱਲੀਆਂ ਦੀਆਂ ਸਰਹੱਦਾਂ ‘ਤੇ ਡਟੇ ਰਹਾਂਗੇ ਜਦੋਂ ਤਕ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ। ਕਿਸਾਨ ਨੇਤਾਵਾਂ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ ਜਿਨ੍ਹਾਂ ਦੀ ਪੋਲ ਜਨਤਾ ਦੇ ਸਾਹਮਣੇ ਖੁੱਲ੍ਹ ਚੁੱਕੀ ਹੈ।
ਇਸ ਦੌਰਾਨ ਯੂਪੀ ਗੇਟ ਵਿਖੇ ਸ਼ਨੀਵਾਰ ਸਵੇਰੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਇੱਕ ਬਜ਼ੁਰਗ ਕਿਸਾਨ ਨੇ ਖੁਦਕੁਸ਼ੀ ਕਰ ਲਈ। ਕਿਸਾਨ ਦੀ ਲਾਸ਼ ਬਾਥਰੂਮ ਦੇ ਅੰਦਰ ਪਈ ਮਿਲੀ। ਲਾਸ਼ ਵਿਚੋਂ ਗੁਰਮੁਖੀ ਵਿਚ ਲਿਖਿਆ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਮ੍ਰਿਤਕ ਕਿਸਾਨ ਕਸ਼ਮੀਰ ਸਿੰਘ (57) ਰਾਮਪੁਰ ਦੇ ਬਿਲਾਸਪੁਰ ਦਾ ਵਸਨੀਕ ਸੀ। ਉਸਨੇ ਆਪਣਾ ਅੰਤਿਮ ਸੰਸਕਾਰ ਯੂਪੀ ਗੇਟ ਵਿਖੇ ਹੀ ਕਰਵਾਉਣ ਦੀ ਇੱਛਾ ਜਤਾਈ। ਮ੍ਰਿਤਕ ਦਾ ਲੜਕਾ ਅਤੇ ਪੋਤਾ ਵੀ ਇਥੇ ਆਏ ਹੋਏ ਹਨ। ਇਸ ਤੋਂ ਪਹਿਲਾਂ ਕੱਲ੍ਹ ਇਥੇ ਇਕ ਹੋਰ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਪਿਛਲੇ 24 ਘੰਟਿਆਂ ਵਿੱਚ ਮੌਤ ਦਾ ਇਹ ਦੂਜਾ ਕੇਸ ਹੈ।
ਪੰਜਾਬ, ਰਾਜਸਥਾਨ ਅਤੇ ਹੋਰ ਕਈ ਸੂਬਿਆਂ ਤੋਂ ਆਏ ਕਿਸਾਨਾਂ ਦੇ ਨਵੇਂ ਜੱਥੇ ਦਿੱਲੀ ਦੀਆਂ ਸਰਹੱਦਾਂ ‘ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। ਕਿਸਾਨ ਜੱਥੇਬੰਦੀਆਂ ਦੇ ਲੋਕ ਟਰੈਕਟਰ-ਟਰਾਲੀ ਲੈ ਕੇ ਆ ਰਹੇ ਹਨ। ਉਹ ਆਪਣੇ ਨਾਲ ਰਾਸ਼ਨ-ਪਾਣੀ ਵੀ ਲਿਆ ਰਹੇ ਹਨ. ਨੌਜਵਾਨਾਂ ਤੋਂ ਇਲਾਵਾ, ਔਰਤਾਂ ਅਤੇ ਬੱਚੇ ਵੀ ਨਵੇਂ ਸਮੂਹਾਂ ਵਿੱਚ ਸ਼ਾਮਲ ਹਨ। ਸਰਕਾਰ ਅਤੇ ਕਿਸਾਨ ਜੱਥੇਬੰਦੀਆਂ ਵਿਚਾਲੇ ਗੱਲਬਾਤ ਦਾ ਅਗਲਾ ਦੌਰ 4 ਜਨਵਰੀ ਨੂੰ ਤੈਅ ਹੋਇਆ ਹੈ। ਸਰਕਾਰ ਅਤੇ ਕਿਸਾਨ ਸੰਗਠਨਾਂ ਦਰਮਿਆਨ ਦੋ ਮਾਮਲਿਆਂ ‘ਤੇ ਸਹਿਮਤੀ ਬਣ ਗਈ ਹੈ, ਜਿਸ ਵਿੱਚ ਬਿਜਲੀ ਬਿੱਲ ‘ਤੇ ਸਬਸਿਡੀ ਜਾਰੀ ਰੱਖਣਾ ਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਨਾ ਕੀਤਾ ਜਾਣਾ ਪ੍ਰਮੁੱਖ ਹੈ।