Fire in electrical : ਅੱਜ ਲੌਕਡਾਊਨ ਦੌਰਾਨ ਸਥਾਨਕ ਪਟਿਆਲਾ ਰੋਡ ‘ਤੇ ਬਣੇ ਬਿਜਲੀ ਦੇ ਸਾਮਾਨ ਦੇ ਇੱਕ ਗੋਦਾਮ ਵਿਚ ਅਚਾਨਕ ਅੱਗ ਲੱਗ ਗਈ ਜਿਸ ਨਾਲ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਗੋਇਲ ਵਾਚ ਕੰਪਨੀ ਦੇ ਇਸ ਗੋਦਾਮ ਵਿਚ ਅੱਗ ਲਗਭਗ ਦੁਪਹਿਰ ਇਕ ਵਜੇ ਲੱਗੀ। ਗੋਦਾਮ ਵਿਚ ਬਿਜਲੀ ਉਪਕਰਨ ਫ਼ਰਿਜ, ਟੀ.ਵੀ. , ਏ. ਸੀ., ਕੂਲਰਾਂ ਆਦਿ ਨਾਲ ਭਰੇ ਹੋਣ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ ਹੈ ਤੇ ਕਰੋੜਾਂ ਦਾ ਸਾਰਾ ਸਾਮਾਨ ਬਰਬਾਦ ਹੋ ਗਿਆ।
ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਅੱਗ ਜ਼ਿਆਦਾ ਫੈਲਣ ਕਾਰਨ ਕਰਮਚਾਰੀਆਂ ਨੂੰ ਅੱਗ ਬੁਝਾਉਣ ਵਿਚ ਕਾਫੀ ਮਿਹਨਤ ਕਰਨੀ ਪਈ। ਸੁਨਾਮ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਸਥਾਨਕ ਲੋਕਾਂ ਦੇ ਸਹਿਯੋਗ ਸਮੇਤ ਫਾਇਰ ਬ੍ਰਿਗੇਡ ਵਲੋਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੌਕੇ ‘ਤੇ ਪੁੱਜੀ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ ਪਰ ਅਜੇ ਤੱਕ ਕੋਈ ਸਪੱਸ਼ਟੀਕਰਨ ਨਹੀਂ ਹੋ ਸਕਿਆ।
ਮੌਕੇ ‘ਤੇ ਸਥਾਨਕ ਐੱਸ.ਡੀ.ਐੱਮ ਮੈਡਮ ਮਨਜੀਤ ਕੌਰ, ਮੈਡਮ ਦਾਮਨ ਥਿੰਦ ਬਾਜਵਾ, ਹਰਮਨ ਬਾਜਵਾ, ਨਗਰ ਕੌਂਸਲ ਪ੍ਰਧਾਨ ਸਰਦਾਰ ਨਿਸ਼ਾਨ ਸਿੰਘ ਟੋਨੀ ਅਤੇ ਘਨਸ਼ਾਮ ਕਾਂਸਲ, ਮਾਰਕੀਟ ਕਮੇਟੀ ਚੇਅਰਮੈਨ ਮੁਨੀਸ਼ ਸੋਨੀ ਪੁੱਜੇ ਤੇ ਉਨ੍ਹਾਂ ਵੱਲੋਂ ਪੀੜਤ ਪਰਿਵਾਰ ਦੀ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ ਗਿਆ।