Five people died due to Corona : ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸੇ ਕਹਿਰ ਦੌਰਾਨ ਅੱਜ ਐਤਵਾਰ ਅੰਮ੍ਰਿਤਸਰ ਜ਼ਿਲ੍ਹੇ ਵਿਚ ਜਿਥੇ ਕੋਰੋਨਾ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਉਥੇ ਹੀ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਉਧਰ ਪਠਾਨਕੋਟ ਜ਼ਿਲ੍ਹੇ ਵਿਚ ਵੀ ਕੋਰੋਨਾ ਨਾਲ ਇਕ ਮਰੀਜ਼ ਨੇ ਦਮ ਤੋੜ ਦਿੱਤਾ ਅਤੇ 14 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਦੱਸਣਯੋਗ ਹੈ ਕਿ ਅੱਜ ਕੋਰੋਨਾ ਨਾਲ ਮਰਨ ਵਾਲਿਆਂ ਵਿਚ ਇਕ 30 ਸਾਲਾ ਤੇ 67 ਸਾਲਾ ਵਿਅਕਤੀ ਅਤੇ 70 ਸਾਲਾ ਤੇ 44 ਸਾਲਾ ਔਰਤਾਂ ਸ਼ਾਮਲ ਹਨ। ਅੱਜ ਸਾਹਮਣੇ ਆਏ ਨਵੇਂ ਮਾਮਲਿਆਂ ਵਿਚ ਡਿਪਟੀ ਕਮਿਸ਼ਨਰ ਕ੍ਰਾਈਮ ਅਤੇ ਅਡੀਸ਼ਨਲ ਡਿਪਟੀ ਕਮਿਸ਼ਨਰ ਸਿਟੀ-3 ਤੋਂ ਇਲਾਵਾ ਦੋ ਡਾਕਟਰਾਂ ਦੀ ਰਿਪੋਰਟ ਵਿਚ ਵੀ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ।
ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਦ ਕੇ 2762 ਹੋ ਗਈ ਹੈ, ਜਿਨ੍ਹਾਂ ਵਿਚੋਂ 2165 ਲੋਕ ਹੁਣ ਤੱਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸਮੇਂ ਅੰਮ੍ਰਿਤਸਰ ਵਿਚ ਕੋਰੋਨਾ ਦੇ 486 ਐਕਟਿਵ ਮਾਮਲੇ ਹਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਉਥੇ ਹੀ ਜ਼ਿਲ੍ਹੇ ਵਿਚ ਅੱਜ ਇਨ੍ਹਾਂ ਚਾਰ ਮੌਤਾਂ ਨਾਲ ਕੋਰੋਨਾ ਨਾਲ 111 ਮਰਨ ਵਾਲਿਆਂ ਦਾ ਅੰਕੜਾ 111 ਹੋ ਚੁੱਕਾ ਹੈ।
ਉਥੇ ਹੀ ਪਠਾਨਕੋਟ ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਐਂਟੀਜਨ ਟੈਸਟ 13 ਤੋਂ ਅਤੇ ਟਰੂਨੈਟ ਤੋਂ ਮਿਲੀ ਇਕ ਰਿਪੋਰਟ ਨਾਲ 14 ਵਿਅਕਤੀਆਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਉਥੇ ਹੀ ਇਕ ਪਠਾਨਕੋਟ ਨਾਲ ਹੀ ਸਬੰਧਤ ਇਕ ਵਿਅਕਤੀ ਨੇ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਹਸਪਤਾਲ ਵਿਚ ਦਮ ਤੋੜ ਦਿੱਤਾ।