Forgiveness of Guru : ਛੇਵੇਂ ਪਾਤਸ਼ਾਹ ਨੇ ਪੈਂਦੇ ਖਾਂ ਨੂੰ ਪਾਲਿਆ ਤੇ ਵੱਡਾ ਕੀਤਾ ਪਰ ਉਸ ਦੀ ਬੁੱਧੀ ਗਲਤ ਰਸਤੇ ‘ਤੇ ਚੱਲ ਪਈ। ਉਹ ਦੁਸ਼ਮਣਾਂ ਨਾਲ ਰਲ ਗਿਆ। ਉਹ ਮੁਗ਼ਲ ਫ਼ੌਜਾਂ ਨਾਲ ਰਲ ਕੇ ਛੇਵੇਂ ਪਾਤਸ਼ਾਹ ਦੇ ਸਨਮੁਖ ਜੰਗ ਕਰਨ ਆ ਗਿਆ। ਜਿਥੇ ਵੱਡਾ ਹੋਇਆ, ਖਾਧਾ, ਉਨ੍ਹਾਂ ਦੇ ਹੀ ਸਾਹਮਣੇ ਲੜਨ ਵਾਸਤੇ ਆ ਗਿਆ। ਉਸ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਮੈਨੂੰ ਸਾਰੇ ਦਾਅਪੇਚ ਸਿਖਾਏ ਨੇ, ਮੈਂ ਤੁਹਾਡੇ ਸਾਰੇ ਦਾਅ-ਪੇਚ ਜਾਣਦਾ ਹਾਂ, ਮੇਰੇ ‘ਤੇ ਕਿਹੜਾ ਚਲਾਉਗੇ?
ਇਕ ਵਾਰ ਪੈਂਦੇ ਖਾਂ ਲਹੂ ਨਾਲ ਲੱਥਪੱਥ ਧੜੱਮ ਕਰ ਕੇ ਜਦੋਂ ਧਰਤੀ ‘ਤੇ ਡਿੱਗਾ, ਦੁਪਹਿਰ ਦਾ ਕੋਈ ਇਕ-ਡੇਢ ਵਜੇ ਦਾ ਸਮਾਂ ਸੀ, ਸੂਰਜ ਦੀਆਂ ਤੇਜ਼ ਕਿਰਨਾਂ ਪੈ ਰਹੀਆਂ ਸਨ, ਜਦੋਂ ਪੈਂਦੇ ਖਾਂ ਡਿੱਗਾ ਤੇ ਛੇਵੇਂ ਪਾਤਸ਼ਾਹ, ਇਕ ਗੋਡਾ ਥੱਲੇ ਤੇ ਇਕ ਉੱਤੇ ਕਰਕੇ, ਪੈਂਦੇ ਖਾਂ ਦੇ ਕੋਲ ਬੈਠ ਗਏ, ਪੈਂਦੇ ਖਾਂ ਨੂੰ ਆਪਣੀ ਗੋਦੀ ਵਿਚ ਲੈ ਲਿਆ, ਆਪਣੀ ਢਾਲ ਦੇ ਨਾਲ ਉਸ ਉੱਤੇ ਛਾਂ ਕੀਤੀ, ਕਿਉਂਕਿ ਧੁੱਪ ਬੜੀ ਤੇਜ਼ ਪੈ ਰਹੀ ਹੈ। ਜਦੋਂ ਕੋਲ ਹੋਏ ਤੇ ਮੱਥਾ ਪੜ੍ਹ ਲਿਆ। ਗੁਰੂ ਜੀ ਨੇ ਕਿਹਾ ਕਿ ਗੁਰੂ ਘਰ ‘ਚ ਵੱਡਾ ਹੋਇਆ, ਪਲਿਆ ਤੇ ਗੁਰੂ-ਘਰ ਨਾਲ ਹੀ ਲੜਨ ਆ ਗਿਆ।” ਉਨ੍ਹਾਂ ਕਿਹਾ ਕਿ ਤੇਰਾ ਥੋੜ੍ਹਾ ਸਮਾਂ ਰਹਿ ਗਿਆ ਹੈ। ਕੁਝ ਹੀ ਸਾਹ ਬਾਕੀ ਹਨ। ਕਲਮਾ ਪੜ੍ਹ, ਦਰਗਾਹ ਨੂੰ ਜਾਵੇਂ!
ਪੈਂਦੇ ਖਾਂ ਨੂੰ ਮਹਿਸੂਸ ਹੋਇਆ ਮੈਂ ਗ਼ਲਤੀ ਕੀਤੀ ਹੈ। ਸ਼ਰਧਾ ਆ ਗਈ। ਜਦ ਸਤਿਗੁਰੂ ਜੀ ਨੂੰ ਦੇਖਿਆ ਕਿ ਮੈਨੂੰ ਗੋਦੀ ਵਿਚ ਲਿਆ ਤੇ ਕਲਮਾਂ ਪੜ੍ਹਨ ਵਾਸਤੇ ਕਹਿ ਰਹੇ ਹਨ। ਕਹਿੰਦਾ, ਸਤਿਗੁਰੂ! ਕਲਮਾਂ ਕਿਸ ਦਾ ਪੜ੍ਹਾਂ, ਤੇਰੇ ਦਰਸ਼ਨ ਹੀ ਮੇਰੀਆਂ ਕਲਮਾਂ ਨੇ, ਸ਼ਰਧਾ ਆ ਗਈ ਕਿ ਜਿਸ ਦਾ ਕਲਮਾਂ ਪੜ੍ਹਨਾ ਹੈ ਉਹ ਤੂੰ ਹੀ ਤੇ ਹੈਂ। ਕਿੰਨੇ ਕੁ ਸੁਆਸ ਬਾਕੀ ਹੋਣਗੇ? ਸ਼ਰਧਾ ਆ ਗਈ, ਕਲਮਾਂ ਕਿਸ ਦਾ ਪੜ੍ਹਾਂ? ਤੂੰ ਆਪ ਹੀ ਤੇ ਅੱਲ੍ਹਾ ਦਾ ਰੂਪ ਧਰਤੀ ‘ਤੇ ਆਇਆ ਹੈਂ! ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਖੀਰਲੇ ਸੁਆਸਾਂ ਵਿਚ ਉਸ ਪੈਂਦੇ ਖਾਂ ਨੂੰ ਬਖਸ਼ਿਆ। ਸਤਿਗੁਰੂ ਕਹਿੰਦੇ, ”ਅਖੀਰਲੇ ਸੁਆਸਾਂ ਵਿਚ ਸ਼ਰਧਾ ਆ ਗਈ, ਪਰਵਾਨ ਹੋ ਗਿਆ।”