Former CM of : ਕਾਂਗੜਾ : ਸੀਨੀਅਰ ਭਾਜਪਾ ਨੇਤਾ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਅਤੇ ਉਨ੍ਹਾਂ ਦੇ ਬੇਟੇ ਵਿਕਰਮ ਸ਼ਰਮਾ ਨੂੰ ਫੋਰਟਿਸ ਮੋਹਾਲੀ ‘ਚ ਸ਼ਿਫਟ ਕਰ ਦਿੱਤਾ ਗਿਆ ਹੈ। ਜਦੋਂਕਿ ਸ਼ਾਂਤਾ ਕੁਮਾਰ ਦੀ ਪਤਨੀ ਸੰਤੋਸ਼ ਸ਼ੈਲਜਾ ਦੀ ਮੰਗਲਵਾਰ ਨੂੰ ਕੋਰੋਨਾ ਕਾਰਨ ਮੌਤ ਹੋ ਗਈ ਸੀ । ਉਨ੍ਹਾਂ ਦੇ ਅੰਤਮ ਸੰਸਕਾਰ ਤੋਂ ਬਾਅਦ ਦੋਵੇਂ ਨੇ ਆਪਣਾ ਆਪ ਨੂੰ ਮੋਹਾਲੀ ਦੇ ਫੋਰਟਿਸ ‘ਚ ਆਈਸੋਲੇਟ ਕਰ ਲਿਆ ਹੈ। ਉਕਤ ਜਾਣਕਾਰੀ ਡੀਸੀ ਕਾਂਗੜਾ ਰਾਕੇਸ਼ ਪ੍ਰਜਾਪਤੀ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸ਼ਾਂਤਾ ਕੁਮਾਰ ਦੀ ਹਾਲਤ ਆਮ ਹੈ। ਸ਼ਾਂਤਾ ਕੁਮਾਰ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਸੀ। ਜਿਸ ਤੋਂ ਬਾਅਦ ਡਾ: ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ ਅਤੇ ਹਸਪਤਾਲ ਟਾਂਡਾ ਵਿਖੇ ਸਭ ਨੂੰ ਆਈਸੋਲੇਟ ਕੀਤਾ ਗਿਆ ਸੀ ਪਰ ਹੁਣ ਮੋਹਾਲੀ ਦੇ ਫੋਰਟਿਸ ਵਿਖੇ ਸ਼ਿਫਟ ਕਰ ਦਿੱਤਾ ਗਿਆ ਹੈ।
ਸ਼ਾਂਤਾ ਕੁਮਾਰ ਦੀ ਪਤਨੀ ਦੀ ਮੰਗਲਵਾਰ ਨੂੰ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਸ਼ਾਂਤਾ ਕੁਮਾਰ ਦੀ ਸਿਹਤ ਬੁੱਧਵਾਰ ਸਵੇਰੇ ਵਿਗੜ ਗਈ। ਉਹ ਘਬਰਾਹਟ ਮਹਿਸੂਸ ਕਰ ਰਹੇ ਸਨ। ਇਸ ਕਾਰਨ ਉਨ੍ਹਾਂ ਨੂੰ ਆਕਸੀਜਨ ਲਗਾ ਕੇ ਅਗਲੇਰੇ ਇਲਾਜ ਲਈ ਫੋਰਟਿਸ ਮੋਹਾਲੀ ਲਿਜਾਇਆ ਗਿਆ ਹੈ। ਸੀਐਮਓ ਕਾਂਗੜਾ ਦੇ ਡਾਕਟਰ ਗੁਰਦਰਸ਼ਨ ਸ਼ਰਮਾ ਨੇ ਕਿਹਾ ਕਿ ਸ਼ਾਂਤਾ ਕੁਮਾਰ ਨੇ ਖ਼ੁਦ ਫੋਰਟਿਸ ਵਿਖੇ ਇਲਾਜ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ ਹੈ। ਡਾਕਟਰਾਂ ਦੀ ਟੀਮ ਉਨ੍ਹਾਂ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੀ ਹੈ। ਸਫਰ ਦੌਰਾਨ ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਲਈ ਆਕਸੀਜਨ ਲਗਾ ਦਿੱਤੀ ਗਈ ਸੀ। ਹੁਣ ਫੋਰਟਿਸ ਦੀ ਟੀਮ ਉਨ੍ਹਾਂ ਦੀ ਨਿਗਰਾਨੀ ਕਰੇਗੀ।
ਦੱਸਣਯੋਗ ਹੈ ਕਿ ਬੀਤੇ ਕਲ ਸ਼ਾਂਤਾ ਕੁਮਾਰ ਦੀ ਪਤਨੀ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ ਲਗਭਗ 83 ਸਾਲ ਦੀ ਸੀ। ਸੰਤੋਸ਼ ਸ਼ੈਲਜਾ ਨੇ ਟਾਂਡਾ ਮੈਡੀਕਲ ਕਾਲਜ ਵਿੱਚ ਅੰਤਿਮ ਸਾਹ ਲਿਆ। ਕਾਂਗੜਾ ਜ਼ਿਲ੍ਹਾ ਮੁੱਖ ਮੈਡੀਕਲ ਅਫਸਰ ਗੁਰਦਰਸ਼ਨ ਗੁਪਤਾ ਨੇ ਦੱਸਿਆ ਕਿ ਸ਼ੈਲਜਾ ਨੂੰ ਚਾਰ ਦਿਨ ਪਹਿਲਾਂ ਟਾਂਡਾ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਥੇ ਉਨ੍ਹਾਂ ਦੀ ਰਿਪੋਰਟ 24 ਦਸੰਬਰ ਨੂੰ ਕੋਰੋਨਾ ਪਾਜ਼ੀਟਿਵ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪਤੀ ਸ਼ਾਂਤਾ ਕੁਮਾਰ, ਪੁੱਤਰ, ਨੂੰਹ, ਦੋ ਪੋਤਰੀਆਂ, ਪੀਐਸ, ਨਿੱਜੀ ਸੁਰੱਖਿਆ ਅਧਿਕਾਰੀ ਅਤੇ ਡਰਾਈਵਰ ਦਾ 25 ਦਸੰਬਰ ਨੂੰ ਕੋਰੋਨਾ ਦਾ ਟੈਸਟ ਕੀਤਾ ਗਿਆ ਸੀ, ਜਿਨ੍ਹਾਂ ਦੀ ਰਿਪੋਰਟ ਵਿੱਚ ਵੀ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ।