Former Puducherry Deputy : ਹਰਿਆਣਾ ਦੀ ਸੀਨੀਅਰ ਨੇਤਾ ਅਤੇ ਪੁਡੂਚੇਰੀ ਦੀ ਸਾਬਕਾ ਉਪ ਰਾਜਪਾਲ ਚੰਦਰਾਵਤੀ ਦਾ 92 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਐਤਵਾਰ ਸਵੇਰੇ ਰੋਹਤਕ PGI ‘ਚ ਉਨ੍ਹਾਂ ਨੇ ਆਖਰੀ ਸਾਹ ਲਏ। ਉਹ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦੇ ਦੇਹਾਂਤ ‘ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਸੋਗ ਪ੍ਰਗਟਾਇਆ ਹੈ. ਚੰਦਰਾਵਤੀ ਹਰਿਆਣਾ ਦੀ ਰਾਜਨੀਤੀ ‘ਚ ਇੱਕ ਮੰਨਿਆ-ਪ੍ਰਮੰਨਿਆ ਨਾਂ ਸੀ। ਸੂਬੇ ਦੀ ਰਾਜਨੀਤੀ ‘ਚ ਕਈ ਦਹਾਕਿਆਂ ਤੱਕ ਉਨ੍ਹਾਂ ਦਾ ਦਬਦਬਾ ਰਿਹਾ। ਉਨ੍ਹਾਂ ਨੇ ਆਪਣੇ ਪੂਰੇ ਜੀਵਨ ‘ਚ 14 ਚੋਣਾਂ ਲੜੀਆਂ। ਉਹ ਕਈ ਮਹੱਤਵਪੂਰਨ ਅਹੁਦਿਆਂ ‘ਤੇ ਰਹੀ ਪਰ ਮੁੱਖ ਮੰਤਰੀ ਬਣਨ ਦੀ ਚਾਹਤ ਉਨ੍ਹਾਂ ਦੇ ਮਨ ‘ਚ ਹੀ ਰਹਿ ਗਈ ਅਤੇ ਇਸ ਅਧੂਰੀ ਇੱਛਾ ਦੇ ਨਾਲ ਹੀ ਉਹ ਦੁਨੀਆ ਨੂੰ ਅਲਵਿਦਾ ਕਹਿ ਗਈ।
ਇਥੇ ਇਹ ਦੱਸਣਯੋਗ ਹੈ ਕਿ 3 ਸਤੰਬਰ 1928 ਨੂੰ ਦਾਦਰੀ ਦੇ ਪਿੰਡ ਡਾਲਾਵਾਸ ‘ਚ ਉੁਨ੍ਹਾਂ ਦਾ ਜਨਮ ਹੋਇਆ ਸੀ ਅਤੇ ਉਨ੍ਹਾਂ ਨੇ ਪੰਜਾਬ ਦੇ ਸੰਗਰੂਰ ਜਿਲ੍ਹੇ ਤੋਂ ਗ੍ਰੈਜੂਏਸ਼ਨ ਕੀਤੀ ਸੀ। ਦਿੱਲੀ ਯੂਨੀਵਰਸਿਟੀ ਤੋਂ ਉਨ੍ਹਾਂ ਨੇ LLB ਕੀਤੀ ਸੀ। ਉਹ ਹਰਿਆਣਾ ਦੀ ਪਹਿਲੀ ਮਹਿਲਾ ਸੰਸਦ ਮੈਂਬਰ ਸੀ। ਉਹ 1977 ‘ਚ ਭਿਵਾਨੀ ਲੋਕ ਸਭਾ ਖੇਤਰ ਤੋਂ ਸੰਸਦ ਮੈਂਬਰ ਬਣੀ ਸੀ। ਹਰਿਆਣਾ ਵਿਧਾਨ ਸਭਾ ਦੀ ਪਹਿਲੀ ਵਿਧਾਇਕ ਬਣਨ ਦਾ ਮਾਣ ਵੀ ਉਨ੍ਹਾਂ ਨੂੰ ਮਿਲਿਆ ਸੀ। ਦੋ ਵਾਰ ਮੰਤਰੀ ਵੀ ਬਣੀ। ਪਹਿਲੀ ਵਾਰ 1964 ‘ਚ ਅਤੇ 1966 ਤੱਕ ਅਹੁਦੇ ‘ਤੇ ਰਹੀ।ਇਸ ਤੋਂ ਬਾਅਦ 1972 ਤੋਂ 1974 ਤੱਕ ਮੰਤਰੀ ਅਹੁਦੇ ‘ਤੇ ਰਹੀ। ਚੰਦਰਾਵਤੀ 1982 ਤੋਂ 1985 ਤੱਕ ਹਰਿਆਣਾ ਵਿਧਾਨ ਸਭਾ ‘ਚ ਵਿਰੋਧੀ ਧਿਰ ‘ਚ ਰਹੀ। 1990 ‘ਚ ਉਨ੍ਹਾਂ ਨੂੰ ਪੁਡੂਚੇਰੀ ਦਾ ਉਪ ਰਾਜਪਾਲ ਬਣਾਇਆ ਗਿਆ ਸੀ। ਫਰਵਰੀ 1990 ਤੋਂ ਦਸੰਬਰ 1990 ਤੱਕ ਉਹ ਇਸ ਅਹੁਦੇ ‘ਤੇ ਰਹੀ। 1977 ‘ਚ ਹਰਿਆਣਾ ‘ਚ ਜਨਤਾ ਪਾਰਟੀ ਦੀ ਪ੍ਰਧਾਨ ਵੀ ਰਹੀ ਅਤੇ ਇਸ ਅਹੁਦੇ ‘ਤੇ 1979 ਤੱਕ ਰਹੀ।
ਚੰਦਰਾਵਤੀ ਆਪਣੇ ਖੇਤਰ ‘ਚ ਗ੍ਰੈਜੂਏਸ਼ਨ ਕਰਨ ਵਾਲੀ ਪਹਿਲੀ ਮਹਿਲਾ ਸੀ। ਇਸ ਦੇ ਨਾਹ ਹੀ ਉੁਹ ਪੰਜਾਬ ਹਰਿਆਣਾ ਹਾਈਕੋਰਟ ਦੀ ਪਹਿਲੀ ਮਹਿਲਾ ਵਕੀਲ ਵੀ ਸੀ। ਚੰਦਰਾਵਤੀ ਨੇ ਭਿਵਾਨੀ ਲੋਕ ਸਭਾ ਖੇਤਰ ਦੇ ਪਹਿਲੀਆਂ ਚੋਣਾਂ ‘ਚ 67.62 ਫੀਸਦੀ ਵੋਟਾਂ ਹਾਸਲ ਕਰਕੇ ਰਿਕਾਰਡ ਬਣਾਇਆ ਸੀ ਜਿਸ ਨੂੰ ਅੱਜ ਤੱਕ ਕੋਈ ਨਹੀਂ ਤੋੜ ਸਕਿਆ ਹੈ। ਰਿਕਾਰਡ ਮੁਤਾਬਕ 1977 ‘ਚ ਚੰਦਰਾਵਤੀ ਨੇ 2 ਲੱਖ 89 ਹਜ਼ਾਰ 135 ਵੋਟਾਂ ਹਾਸਲ ਕਰਕੇ ਸਾਬਕਾ ਮੁੱਖ ਮੰਤਰੀ ਬੰਸੀਲਾਲ ਨੂੰ ਹਰਾਇਆ ਸੀ।