Free Knee Replacement : ਫਤਿਹਗੜ੍ਹ ਸਾਹਿਬ : ਰਾਜ ਦੇ ਗਰੀਬ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਅਤੇ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਰਾਜ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਮੁਫਤ ਗੋਡੇ ਬਦਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਕੁਲਜੀਤ ਸਿੰਘ ਨਾਗਰਾ ਵਿਧਾਇਕ ਫਤਹਿਗੜ੍ਹ ਸਾਹਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਕੀਮ ਤਹਿਤ ਮਰੀਜ਼ ਅਵਤਾਰ ਸਿੰਘ ਨਿਵਾਸੀ ਪਿੰਡ ਧੀਨੂੰ ਮਾਜਰਾ, ਜੋ ਲੰਬੇ ਸਮੇਂ ਤੋਂ ਗੋਡਿਆਂ ਦੇ ਦਰਦ ਨਾਲ ਪੀੜਤ ਸੀ ਅਤੇ ਤੁਰਨ ਤੋਂ ਅਸਮਰਥ ਸੀ ਦਾ, ਸਿਵਲ ਹਸਪਤਾਲ ਵਿਖੇ ਮੁਫਤ ਗੋਡੇ ਬਦਲਣ ਦਾ ਇਲਾਜ ਕੀਤਾ ਗਿਆ, ਬਾਰੇ ਦੱਸਿਆ।
ਵਿਧਾਇਕ ਨੇ ਕਿਹਾ ਕਿ ਇਸ ਸਕੀਮ ਅਧੀਨ ਸਾਰੇ ਯੋਗ ਲਾਭਪਾਤਰੀ ਜ਼ਿਲ੍ਹੇ ਦੇ ਸਰਕਾਰੀ ਸਿਹਤ ਸੰਸਥਾਵਾਂ ਅਤੇ ਸਰਕਾਰ ਦੁਆਰਾ ਨਾਮਜ਼ਦ ਪ੍ਰਤੱਖ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਫਤਹਿਗੜ੍ਹ ਸਾਹਿਬ ਵਿੱਚ ਸਿਹਤ ਅਤੇ ਸਿੱਖਿਆ ਵਿਭਾਗਾਂ ਵਿੱਚ ਤਬਦੀਲੀ ਵੇਖਣ ਨੂੰ ਮਿਲੀ ਹੈ ਅਤੇ ਜ਼ਿਲ੍ਹਾ ਹਸਪਤਾਲ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਮੋਹਰੀ ਭੂਮਿਕਾ ਅਦਾ ਕਰ ਰਿਹਾ ਹੈ। ਅਪ੍ਰੇਸ਼ਨ ਕਰਾਉਣ ਵਾਲੇ ਇਕ ਮਰੀਜ਼ ਅਵਤਾਰ ਸਿੰਘ ਨੇ ਕਿਹਾ ਕਿ ਉਹ ਆਪਣੇ ਗੋਡੇ ਦੇ ਇਲਾਜ ਲਈ ਵੱਖ ਵੱਖ ਥਾਵਾਂ ‘ਤੇ ਜਾਂਦੇ ਰਹੇ ਪਰ ਸਹੀ ਇਲਾਜ ਨਹੀਂ ਮਿਲ ਸਕਿਆ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਬਦਲਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲ ਲੱਖਾਂ ਰੁਪਏ ਦੀ ਮੰਗ ਕਰ ਰਹੇ ਸਨ, ਜੋ ਉਹ ਅਦਾ ਕਰਨ ਤੋਂ ਅਸਮਰੱਥ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਜ ਸਰਕਾਰ ਦੀ ਸਿਹਤ ਬੀਮਾ ਯੋਜਨਾ ਬਾਰੇ ਪਤਾ ਲੱਗਿਆ ਅਤੇ ਉਨ੍ਹਾਂ ਨੂੰ ਆਪਣੀ ਸਿਹਤ ਬੀਮਾ ਯੋਜਨਾ ਸਮਾਰਟ ਕਾਰਡ ਮਿਲਿਆ ਅਤੇ ਉਹ ਜ਼ਿਲਾ ਹਸਪਤਾਲ ਇਲਾਜ ਲਈ ਆਏ ਜਿਥੇ ਉਨ੍ਹਾਂ ਦਾ ਗੋਡਿਆਂ ਦੇ ਬਦਲਣ ਦਾ ਸਫਲ ਅਪਰੇਸ਼ਨ ਹੋਇਆ। ਵਿਧਾਇਕ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਜ਼ਿਲ੍ਹੇ ਵਿੱਚ ਹੁਣ ਤੱਕ ਤਕਰੀਬਨ 1.50 ਲੱਖ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਲਾਭਪਾਤਰੀਆਂ ਲਈ ਕਾਰਡ ਬਣਾਉਣ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ ਕਿਉਂਕਿ ਰਾਜ ਸਰਕਾਰ ਨੇ ਸਾਰੀਆਂ ਮਾਰਕੀਟ ਕਮੇਟੀਆਂ ਵਿੱਚ ਕੈਂਪ ਲਗਾ ਕੇ ਇੱਕ ਵਿਸ਼ੇਸ਼ ਮੁਹਿੰਮ ਵੀ ਚਲਾਈ ਹੈ।