Girls try to : ਜਲੰਧਰ ਦੇ ਕਪੂਰਥਲਾ ਰੋਡ ‘ਤੇ ਸਥਿਤ ਗਾਂਧੀ ਵਿਨੀਤਾ ਆਸ਼ਰਮ ‘ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਕੁੜੀਆਂ ਵੱਲੋਂ ਫਿਰ ਤੋਂ ਆਸ਼ਰਮ ‘ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਪਹਿਲਾਂ ਵੂਮੈਨ ਡੇ ਦੇ ਮੌਕੇ ‘ਤੇ ਵੀ ਕੁੜੀਆਂ ਨੇ ਆਸ਼ਰਮ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਕਾਫੀ ਵੱਡੀ ਗਿਣਤੀ ‘ਚ ਮਹਿਲਾ ਪੁਲਿਸ ਮੁਲਾਜ਼ਮ ਮੌਕੇ ‘ਤੇ ਪੁੱਜੇ ਅਤੇ ਹਾਲਾਤ ਨੂੰ ਕਾਬੂ ਕੀਤਾ। ਇਸੇ ਦਰਮਿਆਨ ਆਸ਼ਰਮ ਦਾ ਕੈਂਚੀ ਗੇਟ ਵੀ ਟੁੱਟ ਗਿਆ।
ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਲਗਭਗ 7 ਕੁ ਵਜੇ ਕੁਝ ਕੁੜੀਆਂ ਵੱਲੋਂ ਆਸ਼ਰਮ ‘ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਉਮਰ 18 ਸਾਲ ਹੋ ਚੁੱਕੀ ਹੈ। ਇਸ ਲਈ ਉਨ੍ਹਾਂ ਨੂੰ ਘਰ ਵਾਪਸ ਭੇਜ ਦਿੱਤਾ ਜਾਣਾ ਚਾਹੀਦਾ ਹੈ। ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੁੱਛਗਿਛ ਤੋਂ ਬਾਅਦ ਹੀ ਸਾੜੀ ਸਥਿਤ ਸਪੱਸ਼ਟ ਹੋ ਸਕੇਗੀ। ਸੂਚਨਾ ਮਿਲਦਿਆਂ ਹੀ ਪੁਲਿਸ ਕਾਰਵਾਈ ਕਰਨ ‘ਚ ਸਰਗਰਮ ਹੋ ਗਈ। ਪੁਲਿਸ ਵੱਲੋਂ ਕੁਝ ਕੁੜੀਆਂ ਨੂੰ ਮਾਲ ਨੇੜਿਓਂ ਬਰਾਮਦ ਕਰ ਲਿਆ ਗਿਆ ਤੇ ਕੁਝ ਕੁ ਨੂੰ ਫਗਵਾੜਾ ਵਿਖੇ ਟ੍ਰੇਨ ‘ਚੋਂ ਫੜਿਆ ਗਿਆ । ਏ. ਸੀ. ਪੀ. ਹਰਸਿਮਰਤ ਸਿੰਘ ਦਾ ਕਹਿਣਾ ਹੈ ਕਿ ਜਾਂਚ ਮੁਤਾਬਕ ਕੋਈ ਵੀ ਕੁੜੀ ਆਸ਼ਰਮ ‘ਚੋਂ ਭੱਜਣ ‘ਚ ਸਫਲ ਨਹੀਂ ਹੋ ਸਕੀ ਹੈ।
ਲੜਕੀਆਂ ਦਾ ਕਹਿਣਾ ਹੈ ਕਿ ਆਸ਼ਰਮ ‘ਚ ਰਹਿੰਦੇ ਹੋਏ ਉਨ੍ਹਾਂ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਅਤੇ ਹੁਣ ਉਹ ਬਾਲਗ ਹਨ ਪਰ ਉਨ੍ਹਾਂ ਨੂੰ ਆਸ਼ਰਮ ਤੋਂ ਛੱਡਿਆ ਨਹੀਂ ਜਾ ਰਿਹਾ। ਇਸ ਤੋਂ ਤੰਗ ਆ ਕੇ ਉਨ੍ਹਾਂ ਨੇ ਆਸ਼ਰਮ ਤੋਂ ਭੱਜਣ ਦਾ ਫੈਸਲਾ ਲਿਆ। ਇਸ ਪੂਰੇ ਮਾਮਲੇ ਦੀ ਜਾਂਚ ਲਈ ਡੀ. ਸੀ. ਘਣਸ਼ਿਆਮ ਥੋਰੀ ਵੱਲੋਂ ਪਹਿਲਾਂ ਹੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਜਾ ਚੁੱਕੇ ਹਨ। ਲੜਕੀਆਂ ਵੱਲੋਂ ਆਸ਼ਰਮ ਦੇ ਪ੍ਰਬੰਧਕਾਂ ‘ਤੇ ਕਾਫੀ ਗੰਭੀਰ ਦੋਸ਼ ਲਗਾਏ ਗਏ ਹਨ ਕਿ ਉਨ੍ਹਾਂ ਨੂੰ ਆਸ਼ਰਮ ‘ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੜਕੀਆਂ ਨੇ ਦੱਸਿਆ ਕਿ ਪੂਰੇ ਦਿਨ ‘ਚ ਉਨ੍ਹਾਂ ਨੂੰ ਖਾਣ ਲਈ ਸਿਰਫ 5 ਰੋਟੀਆਂ ਹੀ ਮਿਲ ਰਹੀਆਂ ਹਨ ਤੇ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਹੀ ਸਾਰੇ ਮਾਮਲੇ ਨੂੰ ਸ਼ਾਂਤ ਕੀਤਾ ਜਾਣਾ ਸੰਭਵ ਹੋ ਸਕਿਆ ਹੈ।