God has his : ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ‘ਚ ਬਹੁਤ ਉਦਾਸੀਆਂ ਕੀਤੀਆਂ। ਇਸ ਦੌਰਾਨ ਉਹ ਇੱਕ ਨਗਰ ਵਿੱਚ ਠਹਿਰੇ। ਸਾਰੇ ਨਗਰ ‘ਚ ਗੁਰੂ ਸਾਹਿਬ ਦੇ ਆਉਣ ਦੀ ਚਰਚਾ ਛਿੜ ਗਈ ਕਿ ਇੱਕ ਬਹੁਤ ਹੀ ਤੇਜ਼ ਵਾਲਾ ਸਾਧੂ ਜਿਸ ਦਾ ਚਿਹਰਾ ਸੂਰਜ ਵਾਂਗ ਚਮਕ ਰਿਹਾ ਹੈ। ਚਿਹਰੇ ਦਾ ਨੂਰ ਝਲਿਆ ਨਹੀਂ ਜਾਂਦਾ। ਬਚਨ ਤਾਂ ਜਿਵੇਂ ਤੀਰ ਹਨ ਜਿਹੜਾ ਸੁਣ ਲੈਂਦਾ ਹੈ, ਵਿੰਨਿਆ ਜਾਂਦਾ ਹੈ। ਸਰੋਤੇ ਉਸ ਦੇ ਸ਼ਬਦ ਨੂੰ ਸੁਣਕੇ ਮੰਤਰ ਮੁਗਧ ਹੋ ਜਾਂਦੇ ਹਨ। ਉਸ ਰਸ ਨੂੰ ਪਾ ਲੈਂਦੇ ਹਨ। ਜਿਸ ਬਾਰੇ ਉਹ ਕਥਾ ਕਹਾਣੀਆਂ ਵਿੱਚ ਹੀ ਸੁਣਦੇ ਰਹੇ ਸਨ। ਅਜਿਹਾ ਰਸ ਜੋ ਘਿਉ, ਖੰਡ, ਸ਼ੱਕਰ ਸ਼ਹਿਦ ਤੇ ਮੱਝ ਦੇ ਦੁੱਧ ਤੋਂ ਵੀ ਮਿੱਠਾ ਹੈ। ਇਹ ਵਸਤਾਂ ਤਾਂ ਸਿਰਫ ਸਮਝਾਉਣ ਖਾਤਿਰ ਹੈ ਜਦਕਿ ਅਸਲ ਵਿੱਚ ਤਾਂ ਉਹ ਨਾਮ ਦਾ ਰਸ ਇਨ੍ਹਾਂ ਸਾਰੀਆਂ ਵਸਤੂਆਂ ਨਾਲੋਂ ਕਿਤੇ ਉਚਾ ਤੇ ਮਿੱਠਾ ਹੈ। ਗੁਰੂ ਸਾਹਿਬ ਰੁੱਖ ਥੱਲੇ ਬੈਠੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਤਪਦੇ ਹਿਰਦਿਆਂ ਨੂੰ ਠਾਰ ਰਹੇ ਸਨ।
ਗੁਰੂ ਸਾਹਿਬ ਦੇ ਆਉਣ ਦੀ ਖਬਰ ਇੱਕ ਪੰਡਿਤ ਜਿਹੜਾ ਕਿ ਬਹੁਤ ਵਿਦਵਾਨ ਸੀ। ਇਸ ਨੇ ਕਈ ਗ੍ਰੰਥ ਜੁਬਾਨੀ ਕੰਠ ਕਰ ਰਖੇ ਸਨ। ਤਪ ਵੀ ਬਹੁਤ ਕੀਤਾ ਜਿਸ ਕਾਰਨ ਇਸ ਵਿੱਚ ਸ਼ਕਤੀਆਂ ਵੀ ਸਨ। ਜਦ ਇਸ ਦੇ ਚੇਲੇ ਨੇ ਇਸ ਨੂੰ ਗੁਰੂ ਸਾਹਿਬ ਦੀ ਵਡਿਆਈ ਦੱਸੀ ਤਾਂ ਇਸਨੇ ਗੁਰੂ ਸਾਹਿਬ ਨੂੰ ਮਿਲਣ ਦਾ ਫੈਸਲਾ ਕਰ ਲਿਆ। ਜਦ ਚੇਲਾ ਤੁਰਨ ਲੱਗਾ ਤਾਂ ਉਸ ਨੇ ਕਿਹਾ ਮੈਂ ਇਸ ਤਰ੍ਹਾਂ ਉਸ ਗੁਰੂ ਕੋਲ ਨਹੀਂ ਜਾਵਾਂਗਾ ਮੈਂ ਕੋਈ ਮਾੜੀ ਮੋਟੀ ਚੀਜ਼ ਨਹੀਂ ਜੋ ਇਸ ਤਰ੍ਹਾਂ ਤੁਰਕੇ ਜਾਵਾਂ। ਮੈਂ ਆਪਣੀ ਕਾਲੀਨ ‘ਤੇ ਜਾਵਾਂਗਾ। ਪੰਡਿਤ ਨੇ ਆਪਣੀ ਕਾਲੀਨ ਲਈ ਉਸ ਉੱਪਰ ਬੈਠਾ ਤੇ ਗੁਰੂ ਸਾਹਿਬ ਕੋਲ ਉਡ ਕੇ ਪਹੁੰਚ ਗਿਆ। ਪਿੰਡ ਵਾਲਿਆਂ ਦਾ ਇਕ ਥਾਂ ਇਕੱਠ ਦੇਖ ਇਸ ਨੇ ਪੁੱਛਿਆ ਇਥੇ ਜੋ ਨਵਾਂ ਗੁਰੂ ਆਇਆ ਹੈ। ਉਹ ਕਿਥੇ ਹੈ? ਪਿੰਡ ਵਾਲਿਆਂ ਨੇ ਉੱਤਰ ਦਿੱਤਾ ਪੰਡਿਤ ਜੀ ਉਹ ਦੇਖੋ ਸਾਹਮਣੇ ਬਿਰਾਜ ਰਹੇ ਹਨ। ਸਾਹਮਣੇ ਕਿਥੇ? ਮੈਨੂੰ ਤਾਂ… ਕੋਈ ਨਹੀਂ ਦਿਖ ਰਿਹਾ ਪੰਡਿਤ ਨੇ ਜਵਾਬ ਦਿੱਤਾ। ਪਿੰਡ ਵਾਲਿਆਂ ਨੇ ਫਿਰ ਦੁਹਰਾਇਆ ਪੰਡਿਤ ਜੀ ਉਹ ਦੇਖੋ ਸਾਹਮਣੇ ਤਾਂ ਬੈਠੇ ਹਨ। ਪਰ ਪੰਡਿਤ ਨੂੰ ਫਿਰ ਕੁਝ ਵੀ ਨਜ਼ਰ ਨਾ ਆਇਆ ਤੇ ਆਪਣੀ ਕਾਲੀਨ ਤੇ ਚੜ੍ਹ ਵਾਪਿਸ ਮੁੜ ਗਿਆ।
ਘਰ ਜਾਕੇ ਆਪਣੇ ਚੇਲੇ ਨੂੰ ਪੁੱਛਿਆ ਤੈਨੂੰ ਕੋਈ ਦਿਸਦਾ ਸੀ ਉਥੇ ਉਸ ਨੇ ਕਿਹਾ ਜੀ ਹਜ਼ੂਰ ਗੁਰੂ ਸਾਹਿਬ ਸਾਹਮਣੇ ਹੀ ਤਾਂ ਬੈਠੇ ਸਨ। ਪੰਡਿਤ ਸੋਚੀਂ ਪੈ ਗਿਆ ਕਿ ਸਾਰਿਆਂ ਨੂੰ ਦਿਖ ਰਿਹਾ ਸੀ ਤਾਂ ਮੈਨੂੰ ਕਿਉਂ ਨਹੀਂ ਦਿਸਿਆ। ਨੌਕਰ ਨੇ ਸਮਝਾਇਆ ਕਿ ਪੰਡਿਤ ਜੀ ਤੁਹਾਡੇ ਹੰਕਾਰ ਕਰਕੇ ਨਹੀਂ ਦਿਸਿਆ। ਉਹ ਰੱਬ ਦੇ ਪਿਆਰੇ ਹਨ ਹੰਕਾਰੀ ਵੱਲ ਨੂੰ ਪ੍ਰਮਾਤਮਾ ਦੀ ਪਿੱਠ ਹੁੰਦੀ ਹੈ। ਇਸ ਸੁਣ ਪੰਡਿਤ ਸੌਚੀਂ ਪੈ ਗਿਆ ਉਸ ਨੇ ਦੁਬਾਰਾ ਜਾਣ ਦਾ ਫੈਸਲਾ ਕੀਤਾ। ਇਸ ਵਾਰ ਪੰਡਿਤ ਚੱਲਕੇ ਗੁਰੂ ਸਾਹਿਬ ਕੋਲ ਪਹੁੰਚਾ ਤਾਂ ਗੁਰੂ ਸਾਹਿਬ ਉਸ ਜਗ੍ਹਾ ਤੇ ਹੀ ਬੈਠੇ ਨਜ਼ਰ ਆਏ। ਇਸ ਨੇ ਹੈਰਾਨ ਹੋਕੇ ਪੁੱਛਿਆ ਕਿ ਗੁਰੂ ਜੀ ਕਲ੍ਹ ਮੈਂ ਆਇਆ ਸੀ ਕਲ੍ਹ ਤਾਂ ਤੁਸੀਂ ਨਜ਼ਰ ਨਹੀਂ ਆਏ ਤਾਂ ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਪੰਡਿਤ ਜੀ ਕਲ ਅੰਧਕਾਰ ਬਹੁਤ ਸੀ ਨਜ਼ਰ ਕਿਸ ਤਰ੍ਹਾਂ ਆਉਂਦੇ। ਤਾਂ ਪੰਡਿਤ ਨੇ ਕਿਹਾ ਨਹੀਂ ਗੁਰੂ ਜੀ ਕਲ੍ਹ ਤਾਂ ਬਹੁਤ ਵਧੀਆ ਦਿਨ ਲੱਗਾ ਸੀ। ਸੂਰਜ ਚਮਕ ਰਿਹਾ ਸੀ। ਗੁਰੂ ਸਾਹਿਬ ਨੇ ਫੁਰਮਾਇਆ ਪੰਡਿਤ ਜੀ ਅਗਿਆਨਤਾ ਤੋਂ ਵੱਡਾ ਕੋਈ ਅੰਧਕਾਰ ਨਹੀਂ ਹੁੰਦਾ। ਜਿੱਥੇ ਹੰਕਾਰ ਹੋਵੇ ਉਥੇ ਅਗਿਆਨ ਹੀ ਹੁੰਦਾ ਹੈ। ਇਹ ਸੁਣ ਪੰਡਿਤ ਨੂੰ ਸੋਝੀ ਹੋਈ ਤੇ ਗੁਰੂ ਸਾਹਿਬ ਦੇ ਚਰਨੀਂ ਡਿੱਗਕੇ ਭੁੱਲ ਬਖਸ਼ਾਈ।