Government shutting down : ਚੰਡੀਗੜ੍ਹ: ਅੱਜ BKU ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਚੰਡੀਗੜ੍ਹ ਕਿਸਾਨ ਭਵਨ ਵਿਖੇ ਹਾਜ਼ਰ ਹੋਏ। ਉਥੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨੀ ਅੰਦੋਲਨ ਬਾਰੇ ਤਾਜ਼ਾ ਹਾਲਾਤ ਦੱਸੇ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨੀ ਲਹਿਰ ਲੰਬੇ ਸਮੇਂ ਤੋਂ ਚੱਲ ਰਹੀ ਹੈ ਅਤੇ ਆਮ ਲੋਕ ਇਸ ਵਿੱਚ ਸ਼ਾਮਲ ਹੋ ਗਏ ਹਨ ਅਤੇ ਅੱਜ ਇਸ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਬਣ ਗਿਆ ਹੈ। ਕਿਸਾਨੀ ਅੰਦੋਲਨ ਜਨ ਅੰਦੋਲਨ ਬਣ ਗਿਆ ਹੈ ਅਤੇ 26 ਨਵੰਬਰ ਤੋਂ ਲਗਾਤਾਰ ਦਿੱਲੀ ਬਾਰਡਰ ‘ਤੇ ਸ਼ਾਂਤਮਈ ਤਰੀਕੇ ਨਾਲ ਬੈਠੇ ਹਨ ਅਤੇ 26 ਜਨਵਰੀ ਦੀ ਘਟਨਾ ਦੇ ਬਾਵਜੂਦ ਇੱਕ ਵਾਰ ਫਿਰ ਵੱਡੀ ਗਿਣਤੀ ‘ਚ ਕਿਸਾਨ ਅੰਦੋਲਨ ‘ਚ ਸ਼ਾਮਲ ਹਨ ਤੇ ਬਾਕੀ ਰਾਜਾਂ ਦੇ ਲੋਕਾਂ ਦੀ ਅਹਿਮ ਭੂਮਿਕਾ ਹੈ ਜਿੱਥੋਂ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਥੇ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ ਅਤੇ ਬਾਕੀ ਸਿਸਟਮ ਬੰਦ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਗ਼ਲਤ ਸੰਦੇਸ਼ ਭੇਜਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਲਈ ਮੈਂ ਅਸਲ ਸਥਿਤੀ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਆਇਆ ਹਾਂ। ਉਨ੍ਹਾਂ ਕਿਹਾ ਕਿ ਮੇਰੀ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਹੈ ਕਿ ਲੋਕ ਇਨ੍ਹਾਂ ਗਲਤ ਗੱਲਾਂ ‘ਤੇ ਧਿਆਨ ਨਾ ਦੇਣ। ਪੂਰੀ ਦੁਨੀਆ ਇਸ ਅੰਦੋਲਨ ਨੂੰ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਤੋਂ ਹਰਿਆਣਾ ਤੇ ਯੂ. ਪੀ. ਦੀ ਖਾਪ ਨੇ ਵੱਡੇ ਫੈਸਲੇ ਲਏ ਹਨ ਤਾਂ ਸਰਕਾਰ ਤੋਂ ਸਾਡੀ ਅਪੀਲ ਹੈ ਕਿ ਉਹ ਲੋਕਾਂ ਦੀਆਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਤੇ 3 ਖੇਤੀਬਾੜੀ ਕਾਨੂੰਨ ਹੁਣ ਵਾਪਸ ਲੈਣ ਦਾ ਫੈਸਲਾ ਕੀਤਾ ਜਾਣਾ ਚਾਹੀਦਾ ਹੈ। ਅਸੀਂ ਲੋਕਾਂ ਨੂੰ ਇਹ ਵੀ ਦੱਸਦੇ ਹਾਂ ਕਿ ਸਾਡਾ ਆਪਣਾ ਦੇਸ਼ ਹੈ, ਇਥੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਾ ਕਰੋ। ਜੇਕਰ ਕੋਈ ਜ਼ੁਲਮ ਹੁੰਦਾ ਹੈ ਤਾਂ ਉਸ ਨੂੰ ਸਹਿਣ ਕਰਨਾ ਹੈ। ਇੰਟਰਨੈੱਟ ਬੰਦ ਕਰਨਾ ਨਿੰਦਣਯੋਗ ਹੈ। ਸਾਨੂੰ ਸਰਕਾਰ ਤੋਂ ਇਸ ਦੀ ਉਮੀਦ ਨਹੀਂ ਸੀ।
ਰਾਜੇਵਾਲ ਨੇ ਕਿਹਾ ਕਿ ਰਾਕੇਸ਼ ਟਿਕੈਤ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਤੋਂ ਦੁਖੀ ਹੋ ਕੇ ਭਾਵੁਕ ਹੋ ਗਏ ਸੀ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਅਤੇ ਖ਼ਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਜੇ ਗੱਲਬਾਤ ਲਈ ਬੁਲਾਏਗੀ ਤਾਂ ਜ਼ਰੂਰ ਜਾਵਾਂਗੇ। ਆਪਣੇ ‘ਤੇ ਕੇਸ ਪਾਏ ਜਾਣ ਬਾਰੇ ਰਾਜੇਵਾਲ ਨੇ ਕਿਹਾ ਕਿ ਅੰਦੋਲਨਾਂ ਵਿੱਚ ਗਲੇ‘ਚ ਹਾਰ ਨਹੀਂ ਪੈਂਦੇ ਕੇਸ ਹੀ ਪੈਂਦੇ ਹਨ। ਸਿੰਘੂ ਬਾਰਡਰ ‘ਤੇ ਜੋ ਕੱਲ ਹਿੰਸਾ ਹੋਈ ਹੈ ,ਇਹ ਸਾਰਾ ਆਰ.ਐੱਸ.ਐੱਸ ਤੇ ਬੀਜੇਪੀ ਕਰਵਾ ਰਹੀ ਹੈ।