Gurdwara Lakir Sahib : ਗੁਰਦੁਆਰਾ ਲਕੀਰ ਸਾਹਿਬ ਇੱਕ ਬਹੁਤ ਮਸ਼ਹੂਰ ਅਤੇ ਪ੍ਰਾਚੀਨ ਗੁਰਦੁਆਰਾ ਹੈ, ਜੋ ਸਾਲ 1978 ‘ਚ ਬਣਿਆ ਸੀ। ਬਾਬਾ ਜੀ ਨੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਦੇ ਜ਼ਿੰਮੇਵਾਰ ਦੁਸ਼ਟਾਂ ਨੂੰ ਸੋਧਣ ਲਈ ਲਗਭਗ ਪੰਜ ਸੌ ਸਿੰਘਾਂ ਦੇ ਜਥੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਚਾਲੇ ਪਾ ਦਿਤੇ ਅਤੇ ਤਰਨਤਾਰਨ ਤੱਕ ਪਹੁੰਚਦਿਆਂ ਉਨ੍ਹਾਂ ਦੇ ਜਥੇ ਦੀ ਗਿਣਤੀ ਪੰਜ ਹਜ਼ਾਰ ਦੇ ਕਰੀਬ ਹੋ ਗਈ। ਇਥੇ ਪਹੁੰਚ ਕੇ ਬਾਬਾ ਜੀ ਨੇ ਆਪਣੇ 18 ਸੇਰੀ ਖੰਡੇ ਨਾਲ ਲਕੀਰ ਖਿੱਚਦਿਆਂ ਕੁਰਬਾਨੀ ਦੇਣ ਵਾਲੇ ਸਿੰਘਾਂ ਨੂੰ ਲਕੀਰ ਟੱਪ ਆਉਣ ਲਈ ਕਿਹਾ।
ਸਾਰੇ ਦੇ ਸਾਰੇ ਸਿੰਘ ਲਕੀਰ ਟੱਪ ਕੇ ਦਰਬਾਰ ਸਾਹਿਬ ਲਈ ਕੁਰਬਾਨ ਹੋਣ ਲਈ ਤਿਆਰ ਹੋ ਗਏ। ਸਿੰਘਾਂ ਵਲੋਂ ਜੈਕਾਰੇ ਛੱਡਦਿਆਂ ਪਾਰ ਕੀਤੀ ਲਕੀਰ ਵਾਲੀ ਥਾਂ ‘ਤੇ ਅੱਜ ਕੱਲ੍ਹ ਗੁਰਦੁਆਰਾ ਲਕੀਰ ਸਾਹਿਬ ਸੁਸ਼ੋਭਿਤ ਹੈ। ਸਿੰਘਾਂ ਦੇ ਪਹੁੰਚਣ ਦੀ ਖ਼ਬਰ ਮੁਗ਼ਲਾਂ ਨੂੰ ਵੀ ਲੱਗ ਗਈ ਅਤੇ ਉਨ੍ਹਾਂ ਤਕਰੀਬਨ 35 ਹਜ਼ਾਰ ਦੇ ਲਾਮ ਲਸ਼ਕਰ ਸਮੇਤ ਸਿੰਘਾਂ ਦੇ ਮੁਕਾਬਲੇ ਲਈ ਚਾਲੇ ਪਾ ਦਿਤੇ। ਸਿੰਘ ਮੁਗ਼ਲ ਫ਼ੌਜਾਂ ਨੂੰ ਪਛਾੜਦੇ ਚੱਬਾ ਪਿੰਡ ਪਾਰ ਕਰ ਗਏ। ਪਿੰਡ ਚੱਬਾ ਨੇੜੇ ਬਾਬਾ ਜੀ ਅਤੇ ਜਹਾਨ ਖ਼ਾਨ ਦਾ ਆਹਮੋ-ਸਾਹਮਣੇ ਦਾ ਮੁਕਾਬਲਾ ਹੋਇਆ। ਇਸ ਦੌਰਾਨ ਦੋਵਾਂ ਦੇ ਸਿਰ ਧੜਾਂ ਤੋਂ ਅਲੱਗ ਹੋ ਗਏ। ਬਾਬਾ ਜੀ ਨੇ ਸੀਸ ਦੇ ਧੜ ਤੋਂ ਅਲੱਗ ਹੋਣ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਪਹੁੰਚਣ ਦੀ ਆਪਣੀ ਪ੍ਰਤਿਗਿਆ ਨੂੰ ਪੂਰਾ ਕੀਤਾ।
ਬਾਬਾ ਜੀ ਧੜ ਤੋਂ ਅਲੱਗ ਹੋਇਆ ਸੀਸ ਤਲੀ ‘ਤੇ ਰੱਖ ਮੁੜ 18 ਸੇਰ ਦੇ ਖੰਡੇ ਨਾਲ ਮੈਦਾਨ-ਏ-ਜੰਗ ਵਿਚ ਉਤਰ ਆਏ। ਬਾਬਾ ਜੀ ਨੂੰ ਬਿਨਾਂ ਸੀਸ ਤੋਂ ਜੰਗ ‘ਚ ਲੜਦਿਆਂ ਵੇਖ ਮੁਗ਼ਲ ਫੌਜਾਂ ‘ਚ ਭਾਜੜਾਂ ਪੈ ਗਈਆਂ ਅਤੇ ਉਹ ਬਿਨਾਂ ਯੁੱਧ ਕੀਤੇ ਮੈਦਾਨ ਛੱਡ ਗਏ। ਬਾਬਾ ਜੀ ਨੇ ਸ੍ਰੀ ਦਰਬਾਰ ਸਾਹਿਬ ਵੱਲ ਆਪਣਾ ਸਫ਼ਰ ਜਾਰੀ ਰਖਿਆ ਅਤੇ ਪ੍ਰਕਿਰਮਾ ਵਿਚ ਸੀਸ ਭੇਟ ਕਰ ਕੇ ਅਦੁਤੀ ਸ਼ਹਾਦਤ ਦਾ ਜਾਮ ਪੀਤਾ।