Gurdwara Sohiana Sahib : ਗੁਰਦੁਆਰਾ ਸੋਹੀਆਣਾ ਸਾਹਿਬ ਪਾਤਸ਼ਾਹੀ ਨੌਵੀਂ ਧੌਲਾ ਵਿਖੇ 77 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। ਇਹ ਗੁਰਦੁਆਰਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਦਾ ਇਤਿਹਾਸਕ ਕਸਬਾ ਹੈ। ਇਸ ਪਿੰਡ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਗੁਰਦੁਆਰਾ ਸੋਹੀਆਣਾ ਬਣਿਆ ਹੋਇਆ ਹੈ। ਇਹ ਗੁਰੂਘਰ ਬਰਨਾਲਾ-ਬਠਿੰਡਾ ਸੜਕ ‘ਤੇ ਸੁਸ਼ੋਭਿਤ ਹੈ। ਆਪਣੀ ਮਾਲਵਾ ਫੇਰੀ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਇਸ ਪਿੰਡ ਵਿੱਚ ਹੰਡਿਆਇਆ ਪਿੰਡ ਤੋਂ ਚੱਲ ਕੇ ਇੱਥੇ ਆਏ ਸਨ।
ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ 1665 ਈ: ਵਿੱਚ ਇਥੇ ਪਹੁੰਚੇ ਤਾਂ ਗੁਰੂ ਸਾਹਿਬ ਨੇੜਲੇ ਪਿੰਡ ਸੋਹੀਵਾਲ ਦੇ ਬਾਹਰ ਰੁਕ ਗਏ ਅਤੇ ਆਪਣੇ ਘੋੜੇ ਨੂੰ ਕਰੀਰ ਦੇ ਰੁੱਖ ਨਾਲ ਬੰਨ੍ਹ ਦਿੱਤਾ। ਕਰੀਰ ਦਾ ਇਹ ਰੁੱਖ ਅਜੇ ਵੀ ਗੁਰਦੁਆਰਾ ਸਾਹਿਬ ਵਿੱਚ ਸੁਰੱਖਿਅਤ ਹੈ। ਬਾਅਦ ਵਿੱਚ ਪਿੰਡ ਸੋਹੀਵਾਲ ਕਿਸੇ ਕਾਰਨ ਉੱਜੜ ਗਿਆ। ਇਸੇ ਪਿੰਡ ਦੇ ਨਾਂ ‘ਤੇ ਇਸ ਗੁਰੂਘਰ ਦਾ ਨਾਂ ਰੱਖਿਆ ਗਿਆ ਹੈ।
ਭਾਈ ਸੰਤੋਖ ਸਿੰਘ ਜੀ ਵਾਲੇ ਸੂਰਜ ਪ੍ਰਕਾਸ਼ ਗ੍ਰੰਥ ਅਨੁਸਾਰ ਜਦੋਂ ਗੁਰੂ ਜੀ ਇਥੇ ਆਏ ਤਾਂ ਇਥੇ ਇੱਕ ਪਾਣੀ ਵਾਲੀ ਛੱਪੜੀ ਸੀ, ਜਿੱਥੋਂ ਗੁਰੂ ਜੀ ਨੇ ਪਾਣੀ ਪੀਤਾ ਅਤੇ ਮੂੰਹ ਧੋਤਾ। ਇਥੋਂ ਗੁਰੂ ਜੀ ਅਗਲੇ ਪਿੰਡ ਢਿਲਵਾਂ ਵਿਖੇ ਚਲੇ ਗਏ। ਮਹਾਰਾਜਾ ਹੀਰਾ ਸਿੰਘ ਨਾਭਾ ਨੇ 70 ਘੁੰਮਾ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਂ ਲਾਈ ਸੀ। ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਜਿਹੜੀ ਅੱਗੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਲੋਕਲ ਪ੍ਰਬੰਧਕ ਕਮੇਟੀ ਦੀ ਚੋਣ ਕਰਦੀ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਲ ‘ਚ ਮਚੀ ਲੁੱਟ ਤੇ ਹਰਸਿਮਰਤ ਨੇ ਕੈਪਟਨ ਨੂੰ ਸੁਣਾਈਆਂ ਖਰੀਆਂ-ਖਰੀਆਂ