Gursikh Bhai Tara : ਲਾਹੌਰ ਸ਼ਹਿਰ ‘ਚ ਇਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਭਾਈ ਤਾਰਾ ਰਹਿੰਦਾ ਸੀ। ਬਾਬਰ ਜਿਹੜਾ ਕਿ ਕਾਬਲ ਤੋਂ ਚਲਿਆ ਸੀ। ਮਾਰੋ ਮਾਰ ਕਰਦਾ ਲਾਹੌਰ ਪਹੁੰਚ ਗਿਆ। ਉਸ ਦੀ ਸੈਨਾ ਇੰਨੀ ਸ਼ਕਤੀਸ਼ਾਲੀ ਸੀ ਕਿ ਬਾਬਰ ਨੇ ਜੰਗ ਜਿੱਤਕੇ ਸਾਰੇ ਲਾਹੌਰ ਸ਼ਹਿਰ ਨੂੰ ਅੱਗ ਲਗਾ ਦਿੱਤੀ। ਅੱਗ ਦੇ ਨਾਲ ਸਾਰਾ ਸ਼ਹਿਰ ਭਬਕ ਉੱਠਿਆ ਸਵਾ ਪਹਿਰ ਵਿਚ ਹੀ ਸਾਰਾ ਸ਼ਹਿਰ ਅੱਗ ਨਾਲ ਸੜਕੇ ਸੁਆਹ ਹੋ ਗਿਆ। ਇਸ ਗੱਲ ਦੀ ਖਬਰ ਜਾਂ ਭਾਈ ਤਾਰੇ ਨੂੰ ਲੱਗੀ ਤਾਂ ਉਸ ਦਾ ਕਲੇਜਾ ਕੰਬ ਗਿਆ ਅਤੇ ਉਸਨੇ ਦੁਖੀਆਂ ਦੀ ਮਦਦ ਕਰਨ ਦੀ ਸੋਚੀ। ਇਸ ਸੋਚ ਨਾਲ ਜਦ ਘਰੋਂ ਤੁਰਨ ਲੱਗਾ ਤਾਂ ਉਸ ਦੀ ਭੈਣ ਨੇ ਅੱਗੇ ਹੋਕੇ ਰੋਕ ਲਿਆ। ਭੈਣ ਨੇ ਰੱਬ ਦਾ ਵਾਸਤਾ ਪਾਇਆ ਕਿ ਵੀਰਜੀ ਨਾ ਜਾਓ ਕਿਉਂ ਬਲਦੇ ਭੱਠ ਵਿਚ ਹੱਥ ਪਾਉਂਦੇ ਹੋ। ਤਾਰੇ ਨੇ ਆਖਿਆ ਭੈਣ ਜੀ ਮੈਨੂੰ ਛੱਡ ਦੇਵੋ। ਮੇਰੇ ਤੋਂ ਦੁਖੀਆਂ ਦਾ ਦੁੱਖ ਦੇਖਕੇ ਉਨ੍ਹਾਂ ਤੇ ਪਈ ਕਸ਼ਟਣੀ ਦੇਖਕੇ ਘਰੇ ਚੁੱਪ ਕਰਕੇ ਨਹੀਂ ਬੈਠਿਆ ਜਾਣਾ।
ਭੈਣ ਨੇ ਆਖਿਆ ਤੈਨੂੰ ਵਾਸਤਾ ਏ ਉਸ ਰੱਬ ਦਾ ਤੂੰ ਘਰੋਂ ਨਾ ਜਾ ਜੇ ਤੂੰ ਘਰੋਂ ਚਲਾ ਗਿਆ ਤਾਂ ਮੁੜਕੇ ਜਿੰਦਾ ਵਾਪਸ ਨਹੀਂ ਆਵੇਂਗਾ। ਇਸ ਲਈ ਮੈਂ ਤੈਨੂੰ ਕਦੇ ਵੀ ਘਰੋਂ ਬਾਹਰ ਨਹੀਂ ਜਾਣ ਦੇਣਾ ਬਸ। ਮੈਂ ਗੁਰੂ ਨਾਨਕ ਦਾ ਸਿੱਖ ਹਾਂ ਮੈਂ ਦੁਖੀਆ ਨੂੰ ਦੇਖਕੇ ਨਹੀਂ ਰਹਿ ਸਕਦਾ। ਮਾਂ ਅਤੇ ਭੈਣ ਨੇ ਬਥੇਰੇ ਵੈਣ ਪਾਏ ਕਿ ਨਾ ਜਾਹ ਪਰ ਭਾਈ ਤਾਰੇ ਨੇ ਕਿਹਾ ਕਿ ਜੇ ਮੈਂ ਇਕ ਦੀ ਵੀ ਜਾਨ ਬਚਾ ਦਿੱਤੀ ਤਾਂ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਾਂਗਾ। ਆਖਿਰ ਮਾਂ ਭੈਣ ਤੇ ਮਿੱਤਰਾਂ ਨੂੰ ਰੋਂਦਿਆਂ ਨੂੰ ਛੱਡਕੇ ਭਾਈ ਤਾਰਾ ਲਾਹੌਰ ਪਹੁੰਚ ਗਿਆ। ਲਾਹੌਰ ਸ਼ਹਿਰ ਵਿਚ ਅੱਗ ਦਾ ਮਾਨੋਂ ਮੀਂਹ ਪੈ ਰਿਹਾ ਸੀ। ਭਾਈ ਤਾਰਾ ਭੱਜ ਭੱਜ ਬਲਦੇ ਘਰਾਂ ਵਿਚ ਵੜਿਆ ਬਜ਼ੁਰਗਾਂ ਤੇ ਬੱਚਿਆਂ ਨੂੰ ਬਾਹਰ ਕੱਢਿਆ ਆਪਣੇ ਨਾਲ ਹੋਰਾਂ ਨੂੰ ਵੀ ਪ੍ਰੇਰਿਆ ਸੇਵਾ ਕਰਨ ਲਈ। ਇਸ ਤਰ੍ਹਾਂ ਸੇਵਾ ਕਰਨ ਵਾਲਿਆ ਦਾ ਇਕ ਜਥਾ ਬਣ ਗਿਆ। ਕਈ ਬੰਦੇ ਬਾਬਰ ਨੇ ਮਿੱਟੀ ਵਿਚ ਦਬ ਦਿਤੇ ਸਨ। ਉਨ੍ਹਾ ਨੂੰ ਵੀ ਭਾਈ ਤਾਰੇ ਨੇ ਬਾਹਰ ਕੱਡਿਆ। ਭਾਈ ਤਾਰੇ ਦੀ ਇਹ ਸੇਵਾ ਦੇਖਕੇ ਬਹੁਤਿਆ ਦੇ ਮਨ ਵਿਚ ਸੇਵਾ ਕਰਨ ਦਾ ਚਾਅ ਪੈਦਾ ਹੋਇਆ। ਭਾਈ ਤਾਰਾ ਭੱਜ ਭੱਜ ਸੇਵਾ ਕਰ ਰਿਹਾ ਸੀ। ਭਾਵੇਂ ਸ਼ਹਿਰ ਸਾਰਾ ਸੜਕੇ ਸੁਆਹ ਹੋ ਗਿਆ ਸੀ। ਪਰ ਭਾਈ ਤਾਰੇ ਨੇ ਸੈਂਕੜੇ ਬੰਦਿਆਂ ਦੀ ਜਾਨ ਬਚਾ ਲਈ। ਇਸਦੀ ਹੀ ਖਬਰ ਕਿਸੇ ਨੇ ਜਾਕੇ ਬਾਬਰ ਨੂੰ ਦੇ ਦਿੱਤੀ। ਬਾਬਰ ਨੇ ਆਪਣੇ ਸਿਪਾਹੀ ਭੇਜਕੇ ਭਾਈ ਤਾਰੇ ਨੂੰ ਪਕੜ ਲਿਆ। ਬਾਬਰ ਨੇ ਭਾਈ ਤਾਰੇ ਨੂੰ ਪੁਛਿਆ ਦਸ ਤੈਨੂੰ ਕੀ ਸਜ਼ਾ ਦੇਵਾਂ। ਜਿਹੜੇ ਰੱਬ ਨੇ ਤੈਨੂੰ ਕਹਰ ਕਰਨ ਲਈ ਭੇਜਿਆ ਹੈ ਉਸੇ ਰੱਬ ਨੇ ਹੀ ਮੈਨੂੰ ਭਲਾ ਕਰਨ ਲਈ ਇਥੇ ਭੇਜਿਆ ਹੈ। ਬਾਬਰ ਨੇ ਕੜਕ ਕੇ ਕਿਹਾ ਤੂੰ ਝੂਠ ਬੋਲਦਾ ਹੈਂ। ਤੈਨੂੰ ਕਿਸਨੇ ਭੇਜਿਆ ਹੈ ਜਰਾ ਖੋਲ੍ਹਕੇ ਦਸ। ਤਾਰੇ ਨੇ ਆਖਿਆ ਮੇਰਾ ਕੁਝ ਦੋਸ਼ ਨਹੀਂ ਹੈ। ਮੇਰੇ ਗੁਰਾ ਨੇ ਮੈਨੂੰ ਦੁਖੀਆਂ ਦਾ ਭਲਾ ਕਰਨ ਦੀ ਸਿੱਖਿਆ ਦਿੱਤੀ ਹੈ। ਉਹ ਆਪ ਨਿਰੰਕਾਰ ਅਕਾਲ ਪੁਰਖ ਦਾ ਰੂਪ ਹਨ।ਉਨ੍ਹਾ ਨੇ ਹੀ ਮੈਨੂੰ ਆਪਣੀ ਜਿੰਦ ਜਾਨ ਕੁਰਬਾਨ ਕਰਕੇ ਦੀਨ ਦੁਨੀਆਂ ਦਾ ਭਲਾ ਕਰਨ ਲਈ ਪ੍ਰੇਰਿਆ ਹੈ। ਇਹ ਸੁਣ ਬਾਬਰ ਬਹੁਤ ਹੈਰਾਨ ਹੋਇਆ।
ਉਸਨੇ ਕਿਹਾ ਸਾਨੂੰ ਆਪਣੇ ਗੁਰੂ ਦਾ ਪਤਾ ਦੱਸ ਉਹ ਕਿਥੇ ਰਹਿੰਦਾ ਹੈ। ਜੇ ਤੇਰੀ ਗੱਲ ਝੂਠ ਹੋਈ ਤਾਂ ਤੈਨੂੰ ਵੀ ਬਲਦੀ ਅੱਗ ਵਿਚ ਸਾੜ ਕੇ ਸੁਆਹ ਕਰਾਂਗੇ। ਭਾਈ ਤਾਰੇ ਨੇ ਕਿਹਾ ਉਹ ਸੱਚੇ ਸਤਿਗੁਰੂ ਦੁਨੀਆਂ ਨੂੰ ਤਾਰਨ ਲਈ ਸਦਾ ਭ੍ਰਮਨ ਕਰਦੇ ਰਹਿੰਦੇ ਹਨ। ਕਦੇ ਇਕ ਥਾਂ ਤੇ ਪੱਕੇ ਡੇਰੇ ਨਹੀਂ ਲਗਾਉਂਦੇ। ਇਹ ਸੁਣ ਬਾਬਰ ਨੇ ਆਪਣੇ ਸਿਪਾਹੀਆਂ ਨੂੰ ਸੋਹਾਂ ਲੈਕੇ ਗੁਰੂ ਸਾਹਿਬ ਨੂੰ ਟੋਲਣ ਦਾ ਹੁਕਮ ਕੀਤਾ। ਭਾਈ ਤਾਰੇ ਤੇ ਉਸਦੇ ਸਾਥੀਆ ਨੂੰ ਆਜ਼ਾਦ ਕਰ ਦਿੱਤਾ ਅਤੇ ਕਿਹਾ ਕਿ ਹੁਣ ਮੈਂ ਲਾਹੌਰ ਸ਼ਹਿਰ ਤੇ ਕੋਈ ਜ਼ੁਲਮ ਨਹੀਂ ਕਰਾਂਗਾ ਤੁਸੀਂ ਹੁਣ ਬੇਝਿਝਕ ਹੋਕੇ ਅੱਗ ਬੁਝਾ ਸਕਦੇ ਹੋ। ਤੁਹਾਨੂੰ ਕੋਈ ਤੰਗ ਨਹੀ ਕਰੇਗਾ। ਇਸ ਤੋਂ ਬਾਅਦ ਬਾਬਰ ਦੀ ਗੁਰੂ ਸਾਹਿਬ ਨਾਲ ਮੁਲਾਕਾਤ ਹੋਈ ਜਿਸ ਤੋਂ ਬਾਅਦ ਬਾਬਰ ਵੀ ਗੁਰੂ ਸਾਹਿਬ ਦਾ ਸਿੱਖ ਬਣਿਆ ਅਤੇ ਧਰਮੀ ਰਾਜਾ ਹੋਇਆ।