Guru Amar Das Ji : ਧੰਨ ਗੁਰੂ ਅਮਰਦਾਸ ਜੀ ਦਾ ਦਰਬਾਰ ਲੱਗਾ ਹੋਇਆ ਸੀ। ਗੁਰੂ ਸਾਹਿਬ ਜੀ ਸੰਗਤ ਉੱਤੇ ਰਹਿਮਤਾਂ ਦਾ ਬਰਖਾ ਕਰ ਰਹੇ ਸੀ। ਗੁਰੂ ਸਾਹਿਬ ਦੇ ਪੁੱਤਰ ਭਾਈ ਮੋਹਰੀ ਜੀ ਜੋ ਗੁਰ ਕਿਰਪਾ ਨਾਲ ਹਮੇਸ਼ਾ ਸਿਮਰਨ ਵਿੱਚ ਜੁੜੇ ਰਹਿੰਦੇ ਸੀ। ਸਤਿਗੁਰੂ ਪਿਤਾ ਜੀ ਦੇ ਦਰਸ਼ਨ ਕਰਨ ਲਈ ਆਏ ਤਾਂ ਉਨ੍ਹਾਂ ਨਾਲ ਸੰਗਤ ਵਿੱਚ ਬੈਠੇ ਕੁਝ ਲੋਕ ਕਿਸੇ ਧੰਨਵਾਨ ਦੇ ਲੱਖ ਟਕਿਆਂ ਬਾਰੇ ਗੱਲ ਕਰ ਰਹੇ ਸੀ। ਬਾਬਾ ਮੋਹਰੀ ਜੀ ਦਾ ਧਿਆਨ ਵੀ ਉਨ੍ਹਾਂ ਦੀਆਂ ਗੱਲਾਂ ਵੱਲ ਚਲਿਆ ਗਿਆ। ਬਾਬਾ ਮੋਹਰੀ ਜੀ ਦੇ ਮਨ ਅੰਦਰ ਖਿਆਲ ਆਇਆ, ਲੱਖ ਟਕੇ ਕਿੰਨੇ ਹੁੰਦੇ ਹਨ ? ਮੈਂ ਤਾਂ ਅੱਜ ਤਕ ਲੱਖ ਟਕੇ ਇਕੱਠੇ ਨਹੀਂ ਦੇਖੇ ਨਹੀਂ ਹਨ। ਇਸ ਖਿਆਲ ਵਿੱਚ ਡੁੱਬੇ ਮੋਹਰੀ ਜੀ ਜਦ ਗੁਰੂ ਸਾਹਿਬ ਨੂੰ ਸ਼ੀਸ਼ ਨਿਵਾਉਣ ਲਈ ਪਹੁੰਚੇ ਤਾਂ ਸਭਨਾ ਦੇ ਦਿਲਾਂ ਦਿਆਂ ਜਾਨਣ ਵਾਲੇ ਸਤਿਗੁਰਾਂ ਨੇ ਬਾਬਾ ਮੋਹਰੀ ਜੀ ਦੇ ਮਨ ਵਿੱਚ ਆਈ ਬੈਚੇਨੀ ਨੂੰ ਦੂਰ ਕਰਨ ਲਈ ਸੰਗਤ ਨੂੰ ਹੁਕਮ ਕੀਤਾ ਕਿ ਅੱਜ ਸਾਰੀ ਸੰਗਤ ਆਪਣੇ ਆਪਣੇ ਕੋਲ ਰੱਖੇ ਸਾਰੇ ਟਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਸੇਵਾ ਲਈ ਹਾਜ਼ਰ ਕਰੇ।
ਗੁਰੂ ਸਾਹਿਬ ਨੂੰ ਹੁਕਮ ਕਰਨ ਦੀ ਹੀ ਦੇਰ ਸੀ ਕਿ ਗੁਰੂ ਸਾਹਿਬ ਦੇ ਚਰਨਾਂ ਵਿੱਚ ਮਾਇਆ ਦਾ ਢੇਰ ਲੱਗ ਗਿਆ। ਫਿਰ ਗੁਰੂ ਸਾਹਿਬ ਨੇ ਬਾਬਾ ਜੀ ਨੂੰ ਹੁਕਮ ਕੀਤਾ, ਬਾਬਾ ਮੋਹਰੀ, ਇਨ੍ਹਾਂ ਨੂੰ ਗਿਣ ਕੇ ਦੱਸੋ ਕਿੰਨੇ ਹਨ ? ਬਾਬਾ ਮੋਹਰੀ ਜੀ ਬਹੁਤ ਖੁਸ਼ ਹੋਏ ਕਿਉਂਕਿ ਗੁਰੂ ਸਾਹਿਬ ਨੇ ਉਨ੍ਹਾਂ ਦੇ ਲੱਖ ਟਕੇ ਦੇਖਣ ਦੀ ਮੁਰਾਦ ਪਲ ਵਿੱਚ ਹੀ ਪੂਰੀ ਕਰ ਦਿੱਤੀ ਸੀ। ਬਾਬਾ ਜੀ ਨੇ ਖੁਸ਼ੀ-ਖੁਸ਼ੀ ਟਕੇ ਗਿਣਨੇ ਸ਼ੁਰੂ ਕਰ ਦਿੱਤੇ। ਬਾਬਾ ਜੀ ਗਿਣਤੀ ਕਰਕੇ ਟਕੇ ਇੱਕ ਪਾਸੇ ਰੱਖਣ ਲੱਗ ਪਏ। ਕੁਝ ਸਮੇਂ ਬਾਦ ਥਾਂ ਘੱਟ ਪੈਣ ਲਗੀ ਤਾਂ ਬਾਬਾ ਜੀ ਅਪਣੀ ਗੋਦੀ ਵਿੱਚ ਰੱਖ ਟਕੇ ਗਿਣਨ ਲੱਗ ਪਏ ਤੇ ਇਕ ਮਿਥੀ ਗਿਣਤੀ ਤੋਂ ਬਾਅਦ ਟਕੇ ਪਹਿਲਾਂ ਵਾਲੇ ਢੇਰ ਉੱਤੇ ਉਲਟ ਦਿੰਦੇ। ਕਈ ਘੰਟੇ ਬੀਤਣ ਦੇ ਬਾਦ ਵੀ ਟਕਿਆਂ ਦੀ ਗਿਣਤੀ ਪੂਰੀ ਨਹੀਂ ਹੋ ਸਕੀ। ਲੋਹੇ ਦੇ ਬਣੇ ਟਕੇ ਆਪਣੀ ਕਾਲਿਖ ਛੱਡ ਰਹੇ ਸਨ। ਬਾਬਾ ਮੋਹਰੀ ਜੀ ਦੇ ਦੋਨੋਂ ਹੱਥ, ਚਿੱਟੇ ਕਪੜੇ ਕਾਲਿਖ ਨਾਲ ਕਾਲੇ ਹੋ ਗਏ। ਮੱਥੇ ਦਾ ਪਸੀਨਾਂ ਸਾਫ ਕਰਦੇ ਸਮੇਂ ਕਾਲਿਖ ਵਾਲੇ ਹੱਥ ਮੂੰਹ ਤੇ ਲਗੱਣ ਨਾਲ ਉਨ੍ਹਾਂ ਦਾ ਪਵਿਤਰ ਚਿਹਰਾ ਵੀ ਕਾਲਾ ਹੋ ਗਿਆ।
ਤਦ ਗੁਰੂ ਸਾਹਿਬ ਨੇ ਆਪਣੇ ਪਿਆਰੇ ਸੇਵਕ ਭਾਈ ਪਾਰੋ ਜੀ ਨੂੰ ਇੱਕ ਸ਼ੀਸ਼ਾ ਲੈ ਕੇ ਆਉਣ ਦਾ ਹੁਕਮ ਕੀਤਾ। ਭਾਈ ਪਾਰੋ ਨੇ ਸ਼ੀਸ਼ਾ ਲਿਆ ਹਾਜ਼ਰ ਕੀਤਾ। ਗੁਰੂ ਸਾਹਿਬ ਨੇ ਉਹ ਸ਼ੀਸ਼ਾ ਟਕੇ ਗਿਣਨ ਵਿੱਚ ਮਗਨ ਹੋਇ ਬਾਬਾ ਮੋਹਰੀ ਜੀ ਦੇ ਸਾਹਮਣੇ ਰੱਖ ਦਿੱਤਾ। ਬਾਬਾ ਮੋਹਰੀ ਜੀ ਨੇ ਜਦ ਖੁਦ ਨੂੰ ਸ਼ੀਸ਼ੇ ਵਿੱਚ ਦੇਖਿਆ ਤਾਂ ਇਕ ਦਮ ਖੜੇ ਹੋ ਗਏ ਅਤੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰ ਗੁਰੂ ਦਰਬਾਰ ਵਿੱਚੋਂ ਨਿਕਲ ਗਏ ਅਤੇ ਆਪਣੇਂ ਨਿਵਾਸ ‘ਤੇ ਜਾ ਕੇ ਫਿਰ ਸਿਮਰਨ ਵਿੱਚ ਲੀਨ ਹੋ ਗਏ। ਭਾਈ ਪਾਰੋ ਜੀ ਨੇ ਪੁਛਿਆ ਸਤਿਗੁਰੂ ਜੀ ਆਪ ਜੀ ਦੇ ਹੁਕਮ ਨਾਲ ਬਾਬਾ ਮੋਹਰੀ ਜੀ ਮਾਇਆ ਦੀ ਗਿਣਤੀ ਕਰ ਰਹੇ ਸੀ। ਆਪ ਜੀ ਨੇ ਜਦ ਸ਼ੀਸ਼ਾ ਉਨ੍ਹਾਂ ਸਾਹਮਣੇ ਰਖਿੱਆ ਤਾਂ ਉਹ ਇਕ ਦਮ ਉਠ ਕੇ ਚਲੇ ਗਏ। ਕਿਤੇ ਉਹ ਨਾਰਾਜ਼ ਤਾਂ ਨਹੀਂ ਹੋ ਗਏ ?
ਗੁਰੂ ਸਾਹਿਬ ਨੇ ਜਵਾਬ ਕੀਤਾ, ਨਹੀਂ ਭਾਈ ਪਾਰੋ। ਉਹ ਆਪਣਾ ਅਕਸ਼ ਸ਼ੀਸ਼ੇ ਵਿੱਚ ਦੇਖ ਕੇ ਇਸ ਲਈ ਇਥੋਂ ਚਲੇ ਗਏ ਹਨ ਕਿਉਕਿ ਉਨ੍ਹਾਂ ਨੂੰ ਇਸ ਪਰਮ ਸੱਤ ਦਾ ਇਹਸਾਸ ਹੋ ਗਿਆ ਹੈ ਕਿ ਮਾਇਆ ਇੰਨੀ ਪ੍ਰਬਲ ਹੈ ਕਿ ਸਤਿਗੁਰੂ ਦੇ ਦਰਬਾਰ ਵਿੱਚ ਵੀ ਸਾਧੂ ਮਨਾਂ ਉਤੇ ਆਪਣਾ ਜਾਲ ਪਾਉਦੀ ਹੈ। ਉਨ੍ਹਾਂ ਦੇ ਨਿਰਲੇਪ ਸਾਧੂ ਮਨ ਵਿੱਚ ਮਾਇਆ ਨੇ ਲੱਖ ਟਕੇ ਦੇਖਣ ਦੀ ਬੇਚੈਨੀ ਪੈਦਾ ਕਰ ਦਿੱਤੀ। ਆਪਣੇ ਅਕਸ਼ ‘ਤੇ ਕਾਲਿਖ ਦੇਖ ਕੇ ਉਹ ਇਕ ਦਮ ਇਸ ਲਈ ਉੱਠ ਗਏ ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਧੰਨ ਦੇ ਮੋਹ ਵਿੱਚ ਫਸੇ ਪ੍ਰਾਣੀਆਂ ਦੇ ਧੰਨ ਇਕੱਠਾ ਕਰਨ ਦਾ ਮੋਹ ਨਾ ਸਿਰਫ ਇਸ ਸੰਸਾਰ ਵਿੱਚ, ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਵੀ ਮੂੰਹ ਕਾਲਾ ਹੀ ਕਰਦਾ ਹੈ। ਆਪਣੇ ਮਨ ਦੀ ਪੜਚੋਲ ਅਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਸਦਕੇ ਉਹਨਾਂ ਨੂੰ ਇਸ ਸੱਚ ਦਾ ਗਿਆਨ ਹੋ ਗਿਆ ਹੈ ਇਸ ਲਈ ਉਹ ਬਿਨਾ ਸਮਾਂ ਖਰਾਬ ਕੀਤੇ ਮਾਇਆ ਦਾ ਮੋਹ ਤਿਆਗ ਕੇ ਉਸ ਸੱਚੇ ਪਿਤਾ ਵਾਹਿਗੁਰੂ ਜੀ ਦੇ ਸਿਮਰਨ ਵਿਚ ਫਿਰ ਤੋਂ ਲੀਨ ਹੋ ਗਏ ਹਨ।