Guru Gobind Singh : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਫ਼ਾਰਸੀ ਵਿੱਚ ਗੁਰਬਾਣੀ ਲਿਖੀ ਹੈ। ਉਨ੍ਹਾਂ ਦੀ ਬਾਣੀ ‘ਜਾਪੁ ਸਾਹਿਬ’ ਨੂੰ ਪ੍ਰਮਾਤਮਾ ਦੀ ਉਸਤਿਤ ਦਾ ਸਭ ਤੋਂ ਵੱਡਾ ਖਜ਼ਾਨਾ ਮੰਨਿਆ ਜਾਂਦਾ ਹੈ। ਫਾਰਸੀ ‘ਚ ਔਰੰਗਜ਼ੇਬ ਨੂੰ ਲਿਖੇ ਜਫਰਨਾਮੇ ਨੇ ਉਸ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਵਾਇਆ। ਚਾਰ ਦਹਾਕਿਆਂ ਦੀ ਉਮਰ ‘ਚ ਜਿੰਨੇ ਕੰਮ ਗੁਰੂ ਜੀ ਨੇ ਕੀਤੇ, ਅੱਜ ਤੱਕ ਸੰਸਾਰ ‘ਚ ਕੋਈ ਨਹੀਂ ਕਰ ਸਕਿਆ ਤੇ ਨਾ ਹੀ ਕਰ ਸਕੇਗਾ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਰੂਪ ਹੋਇਆ ਉਦੋਂ ਸਮਾਜ ‘ਚ ਜਾਤ -ਪਾਤ ਤੇ ਊਚ-ਨੀਚ ਦਾ ਕਾਫੀ ਰੁਝਾਨ ਸੀ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਸੇ ਧਰਮ, ਜਾਤੀ, ਕੌਮ, ਖੇਤਰ ਤਕ ਸੀਮਤ ਨਹੀਂ ਸਨ, ਉਹ ਸਮੁੱਚੀ ਮਾਨਵਤਾ ਦੇ ਗੁਰੂ ਹਨ। ਫਾਰਸੀ ਦੀ ਸਿੱਖਿਆ ਕਾਜ਼ੀ ਪੀਰ ਮੁਹੰਮਦ ਤੋਂ, ਸੰਸਕ੍ਰਿਤ ਦੀ ਸਿੱਖਿਆ ਪੰਡਿਤ ਹਰਜਸ ਤੋਂ, ਗੁਰਮੁਖੀ ਲਿਪੀ ਦੀ ਸਿੱਖਿਆ ਮਤੀ ਦਾਸ ਅਤੇ ਸਾਹਿਬ ਚੰਦ ਤੋਂ ਹਾਸਲ ਕੀਤੀ। ਗੁਰੂ ਜੀ ਦੇ ਸਮੇਂ ਲੋਕਾਈ ਦੀ ਬਹੁ-ਗਿਣਤੀ ਨੂੰ ਸ਼ੂਦਰ ਕਹਿ ਕੇ ਪਸ਼ੂਆਂ ਵਰਗਾ ਸਲੂਕ ਕੀਤਾ ਜਾਂਦਾ ਸੀ ਇਸੇ ਲਈ ਗੁਰੂ ਨਾਨਕ ਸਾਹਿਬ ਵੱਲੋਂ ਵਿੱਢੀ ਮੁਹਿੰਮ ਨੂੰ ਅਮਲੀ ਰੂਪ ਦੇ ਕੇ ਗੁਰੂ ਜੀ ਦੇ ਖਾਲਸੇ ਦੀ ਸਿਰਜਣਾ ਕੀਤੀ। ਆਪ ਨੇ ਸਾਰਿਆਂ ਨੂੰ ਇੱਕੋ ਨਾਂ ਅਤੇ ਸਰੂਪ ਦੀ ਬਖਸ਼ਿਸ਼ ਕੀਤੀ।
1699 ‘ਚ ਵਿਸਾਖੀ ਵਾਲੇ ਦਿਨ ਗੁਰੂ ਜੀ ਵੱਲੋਂ ਪੰਜ ਸਿਰਾਂ ਦੀ ਮੰਗ ਕੀਤੀ ਗਈ ਤੇ ਉਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਸਜਾਏ ਤੇ ਇਸ ਤੋਂ ਬਾਅਦ ਖੁਦ ਉਸੇ ਪੰਗਤੀ ‘ਚ ਖੜ੍ਹਾ ਕਰਕੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੁਰੂ ਤੇ ਚੇਲ ਦਾ ਫਰਕ ਵੀ ਮਿਟਾ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਦੋਂ ਮਹਿਜ਼ 9 ਵਰ੍ਹਿਆਂ ਦੇ ਸਨ ਜਦੋਂ ਉਨ੍ਹਾਂ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਨੁੱਖੀ ਹੱਕਾਂ ਦੀ ਰਾਖੀ ਲਈ ਸ਼ਹੀਦੀ ਦੇਣ ਲਈ ਦਿੱਲੀ ਭੇਜਿਆ ਤੇ ਆਪਣੇ ਚਾਰੇ ਸਾਹਿਬਜ਼ਾਦਿਆਂ ਨੂੰ ਧਰਮ ਯੁੱਧ ‘ਚ ਸ਼ਹੀਦੀ ਹੋਣ ਲਈ ਭੇਜਿਆ। ਗੁਰੂ ਜੀ ਦੇ ਸਮੇਂ ਸਮਾਜ ‘ਚ ਔਰਤ ਦੀ ਹਾਲਤ ਵੀ ਠੀਕ ਨਹੀਂ ਸੀ। ਲੜਕੀ ਦੇ ਪੈਦਾ ਹੋਣ ਨੂੰ ਠੀਕ ਨਹੀਂ ਸਮਝਿਆ ਜਾਂਦਾ ਸੀ ਤੇ ਜਨਮ ਲੈਂਦੇ ਹੀ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਇਸ ਪ੍ਰਥਾ ਦਾ ਵੀ ਗੁਰੂ ਜੀ ਨੇ ਕੱਟੜਤਾ ਨਾਲ ਵਿਰੋਧ ਕੀਤਾ। ਉਨ੍ਹਾਂ ਹੁਕਮ ਦਿੱਤਾ ਜੋ ਕੋਈ ਵੀ ਲੜਕੀ ਦੀ ਹੱਤਿਆ ਕਰੇਗਾ, ਉਹ ਉਨ੍ਹਾਂ ਦਾ ਸਿੰਘ ਨਹੀਂ ਹੋਵੇਗਾ। ਗੁਰੂ ਜੀ ਵੱਲੋਂ ਬਖਸ਼ੀ ਸ਼ਕਤੀ ਹੀ ਸੀ, ਜਿਸ ਨਾਲ ਬੀਬੀਆਂ ‘ਚ ਦਲੇਰੀ ਆਈ ਅਤੇ ਚਮਕੌਰ ਦੀ ਗੜ੍ਹੀ ‘ਚ ਸ਼ਹੀਦ ਹੋਏ ਸਾਹਿਬਜ਼ਾਦਿਆਂ ਅਤੇ ਸਿੰਘਾਂ ਦਾ ਸ਼ਾਹੀ ਫੌਜ ਦੇ ਘੇਰੇ ਨੂੰ ਤੋੜ ਸਸਕਾਰ ਕਰਨ ਵਾਲੀ ਬੀਬੀ ਸ਼ਰਨ ਕੌਰ ਹੀ ਸੀ।
ਗੁਰੂ ਜੀ ਸਿਰਸਾ ਨਦੀ ਦੇ ਕਿਨਾਰੇ ਹੀ ਪੁੱਜੇ ਸਨ ਕਿ ਸ਼ਾਹੀ ਫੌਜ ਨੇ ਆਪਣੇ ਵਾਅਦੇ ਤੋਂ ਮੁਕਰ ਕੇ ਗੁਰੂ ਜੀ ‘ਤੇ ਹਮਲਾ ਕਰ ਦਿੱਤਾ। ਸਿਰਸਾ ਨਦੀ ‘ਚ ਹੜ੍ਹ ਆਇਆ ਹੋਇਆ ਸੀ। ਗੁਰੂ ਜੀ ਦੀ ਬਾਣੀ ਦਰਿਆ ‘ਚ ਰੁੜ੍ਹ ਗਈ। ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ। ਗੁਰੂ ਜੀ ਨੇ ਸਿਰਫ 40 ਸਿੰਘ ਤੇ ਦੋ ਵੱਡੇ ਸਾਹਿਬਜ਼ਾਦੇ ਰਹਿ ਗਏ। ਫਿਰ ਫੈਸਲਾ ਲਿਆ ਗਿਆ ਪੰਜ-ਪੰਜ ਸਿੰਘ ਗੜ੍ਹੀ ਤੋਂ ਬਾਹਰ ਜਾ ਕੇ ਦੁਸ਼ਮਣ ਦਾ ਮੁਕਾਬਲਾ ਕਰਨਗੇ। ਵਾਰੋ-ਵਾਰੀ ਜਥੇ ਗੜ੍ਹੀ ‘ਚੋਂ ਨਿਕਲ ਕੇ ਦੁਸ਼ਮਣ ਨਾਲ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ। ਫਿਰ ਗੁਰੂ ਜੀ ਨੇ ਆਪਣੇ ਸਾਹਿਬਜ਼ਾਦੇ ਨੂੰ ਦਲੇਰੀ ਨਾਲ ਯੁੱਧ ਕਰਦਿਆਂ ਵੇਖਿਆ ਤੇ ਆਖਿਰ ਉਹ ਸ਼ਹੀਦ ਹੋ ਗਏ। ਫਿਰ ਸਿੰਘਾਂ ਨੇ ਗੁਰੂ ਜੀ ਨੂੰ ਕਿਲ੍ਹਾ ਛੱਡ ਕੇ ਜਾਣ ਦੀ ਬੇਨਤੀ ਕੀਤੀ ਜਦੋਂ ਗੁਰੂ ਜੀ ਨਾ ਮੰਨੇ ਤਾਂ ਪੰਜ ਸਿੰਘਾਂ ਨੇ ਗੁਰਮਤਾ ਪਾਸ ਕਰਕੇ ਕਿਹਾ ਕਿ ਸਾਡਾ ਹੁਕਮ ਹੈ ਕਿ ਤੁਸੀਂ ਗੜ੍ਹੀ ਛੱਡ ਕੇ ਚਲੇ ਜਾਓ। ਗੁਰੂ ਜੀ ਰਾਏਕੋਟ ਤੋਂ ਜਦੋਂ ਖਿਦਰਾਣੇ ਦੀ ਢਾਬ ਪੁੱਜੇ ਤਾਂ ਸ਼ਾਹੀ ਫੌਜਾਂ ਪਿੱਛਾ ਕਰਦੀਆਂ ਇਥੇ ਪਹੁੰਚ ਗਈਆਂ ਤੇ ਗੁਰੂ ਸਾਹਿਬ ‘ਤੇ ਹਮਲਾ ਕਰ ਦਿੱਤਾ। ਸ਼ਾਹੀ ਫੌਜ ਨੂੰ ਅਜਿਹੀ ਹਾਰ ਦਾ ਸਾਹਮਣਾ ਕਰਨਾ ਪਿਆ ਕਿ ਉਹ ਕਦੇ ਵੀ ਗੁਰੂ ਜੀ ‘ਤੇ ਹਮਲਾ ਕਰਨ ਦਾ ਹੌਸਲਾ ਨਹੀਂ ਕਰ ਸਕੀ।