Guru Har Krishan : ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਪੰਜ ਸਾਲ ਦੀ ਉਮਰ ਵਿੱਚ ਗੁਰਿਆਈ ਮਿਲੀ ਅਤੇ ਅੱਠ ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ। ਆਪ ਜੀ ਨੇ ਆਪਣੀ ਬਾਲ ਗੁਰਿਆਈ ਦੇ ਤਿੰਨ ਸਾਲ ਦੇ ਸਮੇਂ ਵਿੱਚ ਜਿਸ ਸੂਝ, ਸਿਆਣਪ, ਦ੍ਰਿੜਤਾ ਅਤੇ ਦਲੇਰੀ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ ਜੋ ਆਪਣੇ ਆਪ ‘ਚ ਇਕ ਮਿਸਾਲ ਸੀ। ਆਪ ਜੀ ਦਾ ਪ੍ਰਕਾਸ 8 ਸਾਵਣ ਸੰਮਤ 1723 ਮੁਤਾਬਿਕ 7 ਜੁਲਾਈ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਪਿਤਾ ਸ਼੍ਰੀ ਗੁਰੂ ਹਰਿਰਾਏ ਜੀ ਦੇ ਘਰ ਮਾਤਾ ਕ੍ਰਿਸਨ ਕੌਰ ਜੀ ਦੀ ਕੁੱਖੋਂ ਹੋਇਆ।
ਸ੍ਰੀ ਗੁਰੂ ਹਰਿਰਾਏ ਜੀ ਨੇ ਅਕਤੂਬਰ 1661 ਈਸਵੀ ਵਿੱਚ ਆਪ ਜੀ ਨੂੰ ਯੋਗਤਾ ਦੇ ਆਧਾਰ ‘ਤੇ ਗੁਰਗੱਦੀ ਬਖਸ਼ ਦਿੱਤੀ ਭਾਵੇਂ ਕਿ ਆਪ ਜੀ ਦੇ ਵੱਡੇ ਭਰਾ ਰਾਮਰਾਏ ਬੜੇ ਚਤੁਰ, ਨੀਤੀ ਨਿਪੁੰਨ ਤੇ ਸਿੱਖ ਸੰਗਤਾਂ ਅਤੇ ਮਸੰਦਾਂ ਵਿੱਚ ਸਤਿਕਾਰ ਦੀ ਨਿਗ੍ਹਾ ਨਾਲ ਵੇਖੇ ਜਾਂਦੇ ਸਨ। ਜਦ ਔਰੰਗਜੇਬ ਨੇ ਗੁਰੂ ਹਰਿਰਾਏ ਜੀ ਨੂੰ ਦਿੱਲੀ ਬੁਲਾਇਆ ਸੀ ਤਾਂ ਗੁਰੂ ਜੀ ਨੇ ਆਪਣੀ ਥਾਂ ਰਾਮ ਰਾਏ ਨੂੰ ਗੁਰਮਤਿ ਦੇ ਸਿਧਾਂਤ ਸਪੱਸ਼ਟ ਕਰਨ ਲਈ ਭੇਜਿਆ ਸੀ। ਰਾਮ ਰਾਏ ਨੇ ਪਹਿਲਾਂ ਤਾਂ ਬਾਦਸ਼ਾਹ ਔਰੰਗਜੇਬ ਨੂੰ ਆਪਣੀ ਪ੍ਰਤਿਭਾ ਨਾਲ ਬਹੁਤ ਪ੍ਰਭਾਵਿਤ ਕੀਤਾ ਤੇ ਬਾਅਦ ਵਿੱਚ ਕਰਾਮਾਤਾਂ ਦਿਖਾਈਆਂ। ਬਾਅਦ ਵਿੱਚ ਮੁਲਾਣਿਆਂ ਦੇ ਕਹਿਣ ‘ਤੇ ਔਰੰਗਜੇਬ ਨੇ ਰਾਮਰਾਏ ਨੂੰ ਪੁੱਛਿਆ ਕਿ ਤੁਹਾਡੇ ਗ੍ਰੰਥ ਵਿੱਚ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਲਿਖ ਕੇ ਇਸਲਾਮ ਧਰਮ ਦੀ ਨਿੰਦਾ ਕੀਤੀ ਗਈ ਹੈ। ਬਾਦਸ਼ਾਹ ‘ਤੇ ਆਪਣਾ ਬਣਿਆ ਪ੍ਰਭਾਵ ਕਾਇਮ ਰੱਖਣ ਲਈ ਅਤੇ ਉਸ ਦੀ ਖੁਸਨੰਦੀ ਪ੍ਰਾਪਤ ਕਰਨ ਲਈ ਰਾਮਰਾਏ ਨੇ ਕਿਹਾ ਕਿ ਅਸਲ ਸਬਦ ‘ਮਿਟੀ ਬੇਈਮਾਨ ਕੀ ਪੇੜੈ ਪਈ ਕੁਮਿਆਰ’ ਹੈ ਪਰ ਲਿਖਾਰੀ ਦੀ ਗਲਤੀ ਕਾਰਨ ‘ਮੁਸਲਮਾਨ’ ਲਿਖਿਆ ਗਿਆ ਹੈ। ਇਸ ਘੋਰ ਅਵੱਗਿਆ ਕਾਰਨ ਗੁਰੂ ਹਰਿਰਾਏ ਜੀ ਨੇ ਉਸ ਨੂੰ ਗੁਰਗੱਦੀ ਤੋਂ ਵਾਂਝਾ ਕਰ ਦਿੱਤਾ ਅਤੇ ਸਦਾ ਲਈ ਤਿਆਗ ਦਿੱਤਾ।
ਗੁਰੂ ਸਾਹਿਬ ਦੇ ਵੱਡੇ ਭਰਾ ਰਾਮਰਾਏ ਨੇ ਬਾਦਸ਼ਾਹ ਔਰੰਗਜੇਬ ਕੋਲ ਫਰਿਆਦ ਕੀਤੀ ਕਿ ਮੇਰੇ ਪਿਤਾ ਨੇ ਮੇਰਾ ਹੱਕ ਮਾਰ ਕੇ ਮੇਰੇ ਛੋਟੇ ਭਰਾ ਨੂੰ ਗੁਰਗੱਦੀ ਅਤੇ ਜਾਇਦਾਦ ਦੇ ਦਿੱਤੀ ਹੈ। ਇਹ ਸਭ ਕੁਝ ਤਾਂ ਹੋਇਆ ਕਿਉਂਕਿ ਮੈਂ ਤੁਹਾਡਾ ਹੁਕਮ ਮੰਨਦਾ ਹਾਂ। ਇਸ ਪਰ ਔਰੰਗਜੇਬ ਨੇ ਰਾਜਾ ਜੈ ਸਿੰਘ ਨੂੰ ਹੁਕਮ ਕੀਤਾ ਕਿ ਉਹ ਗੁਰੂ ਸਾਹਿਬ ਨੂੰ ਦਿੱਲੀ ਬੁਲਾਏ। ਰਾਜਾ ਜੈ ਸਿਘ ਨੇ ਆਪਣੇ ਦੀਵਾਨ ਪਰਸਰਾਮ ਨੂੰ ਗੁਰੂ ਸਾਹਿਬ ਨੂੰ ਸਤਿਕਾਰ ਸਹਿਤ ਦਿੱਲੀ ਲਿਆਉਣ ਲਈ ਭੇਜਿਆ। ਦੀਵਾਨ ਕੀਰਤਪੁਰ ਪਹੁੰਚਿਆ ਤੇ ਗੁਰੂ ਸਾਹਿਬ ਨੂੰ ਦਿੱਲੀ ਜਾਣ ਲਈ ਬੇਨਤੀ ਕੀਤੀ। ਗੁਰੂ ਸਾਹਿਬ ਨੇ ਦੀਵਾਨ ਨੂੰ ਕਿਹਾਕਿ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਕੋਈ ਇਨਕਾਰ ਨਹੀਂ ਪਰ ਉਹ ਔਰੰਗਜੇਬ ਵਰਗੇ ਬਾਦਸ਼ਾਹ ਦਾ ਮੂੰਹ ਨਹੀਂ ਵੇਖਣਗੇ। ਅੰਤ ਵਿੱਚ ਗੁਰੂ ਸਾਹਿਬ ਨੇ ਆਪਣੀ ਮਾਤਾ ਅਤੇ ਸਿੱਖ ਸੰਗਤਾਂ ਨਾਲ ਸਲਾਹ ਕਰਕੇ ਦਿੱਲੀ ਜਾਣ ਦਾ ਫੈਸਲਾ ਕੀਤਾ। ਜਦ ਰਾਮਰਾਏ ਨੂੰ ਗੱਦੀ ਨਾ ਦਿੱਤੇ ਜਾਣ ਦੀ ਗੱਲ ਤੁਰੀ ਤਾਂ ਗੁਰੂ ਜੀ ਨੇ ਸਪੱਸਟ ਕੀਤਾ ਕਿ ਗੁਰਗੱਦੀ ਵਿਰਾਸਤ ਜਾਂ ਜੱਦੀ ਮਲਕੀਅਤ ਨਹੀਂ। ਰਾਮਰਾਏ ਨੇ ਗੁਰਬਾਣੀ ਦੀ ਤੁਕ ਬਦਲੀ, ਇਸ ਤੇ ਪਿਤਾ ਗੁਰੂ ਜੀ ਨੇ ਉਸ ਨੂੰ ਤਿਆਗ ਦਿੱਤਾ। ਇਸ ਲਈ ਉਸ ਦਾ ਗੁਰਗੱਦੀ ਬਾਰੇ ਦਾਅਵਾ ਝੂਠਾ ਹੈ। ਸਹਿਜਾਦਾ ਮੁਅੱਜ਼ਮ ਤੋਂ ਇਹ ਸਪੱਸ਼ਟੀਕਰਨ ਸੁਣ ਕੇ ਔਰੰਗਜੇਬ ਗੁਰੂ ਜੀ ਦੀ ਸਿਆਣਪ ਦਾ ਕਾਇਲ ਹੋ ਗਿਆ। ਆਪ ਜੀ ਨੇ ਆਪਣੀ ਸੰਸਾਰਿਕ ਯਾਤਰਾ 7 ਸਾਲ 8 ਮਹੀਨੇ 19 ਦਿਨਾਂ ਵਿੱਚ ਸੰਪੂਰਨ ਕੀਤੀ ਤੇ ਆਖਿਰ ਆਪ 30 ਮਾਰਚ 1664 ਨੂੰ ਜੋਤਿ ਜੋਤ ਸਮਾ ਗਏ।