Guru Hargobind Sahib : ਛੇਵੇਂ ਪਾਤਸ਼ਾਹ ਜੀ ਦੇ ਸਮੇਂ ਭਾਈ ਸੁਥਰੇ ਸ਼ਾਹ ਜੀ ਬੜੇ ਕਮਾਈ ਵਾਲੇ ਗੁਰਸਿੱਖ ਹੋਏ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਿਹਰ ਦੇ ਪਾਤਰ ਸਨ ਤੇ ਕਲਗੀਧਰ ਜੀ ਦੇ ਸਮੇਂ ਤੱਕ ਗੁਰੂ ਘਰ ਦੀ ਸੇਵਾ ਕਰਦੇ ਰਹੇ। ਭਾਈ ਸੁਥਰਾ ਜੀ ਆਪਣੇ ਵਿਅੰਗਮਈ ਢੰਗ ਨਾਲ ਗੁਰਮਤਿ ਦੀਆਂ ਰਹੱਸਮਈ ਕਈ ਗੰਢਾਂ ਖੋਲ੍ਹਦੇ ਸਨ। ਭਾਈ ਸੁਥਰੇ ਸ਼ਾਹ ਜੀ ਦੇ ਜੀਵਨ ਦੀ ਇੱਕ ਘਟਨਾ ਇਸ ਤਰ੍ਹਾਂ ਵਾਪਰੀ ਕਿ ਸ਼ਹਿਰ ਦੇ ਵਿੱਚ ਇੱਕ ਹਲਵਾਈ ਦੀ ਦੁਕਾਨ ਸੀ। ਸੁਥਰਾ ਜੀ ਉਸ ਦੁਕਾਨ ਤੋਂ ਹਰ ਰੋਜ਼ ਮਠਿਆਈ ਲੈ ਕੇ ਅਤੇ ਅੱਧਾ ਕਿੱਲੋ ਦੁੱਧ ਗਰਮ ਕਰਵਾ ਕੇ ਉਥੇ ਬੈਠ ਕੇ ਖਾ ਪੀ ਲੈਂਦੇ ਤੇ ਦੁਕਾਨਦਾਰ ਪਾਸ ਹਿਸਾਬ ਲਿਖਾਈ ਜਾਂਦੇ। ਹਫ਼ਤੇ ਬਾਅਦ ਜਦੋਂ ਦੁਕਾਨਦਾਰ ਨੇ ਦੁੱਧ ਦੇ ਪੈਸੇ ਮੰਗੇ ਤਾਂ ਸੁਥਰਾ ਜੀ ਨੇ ਦੁਕਾਨਦਾਰ ਨੂੰ ਪੈਸੇ ਦੇਣ ਤੋਂ ਨਾਹ ਕਰ ਦਿੱਤੀ। ਅਖ਼ੀਰ ਉਹ ਦੁਕਾਨਦਾਰ ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੇਸ਼ ਹੋਇਆ ਤੇ ਸੁਥਰਾ ਜੀ ਦੀ ਸ਼ਿਕਾਇਤ ਕਰ ਦਿੱਤੀ ਅਤੇ ਸੁਥਰੇ ਪਾਸੋਂ ਪੈਸੇ ਦਿਲਵਾ ਦੇਣ ਦੀ ਫਰਿਆਦ ਕੀਤੀ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਭੇਜ ਕੇ ਸੁਥਰੇ ਨੂੰ ਬੁਲਾ ਲਿਆ। ਸੁਥਰਾ ਜੀ, ਸਤਿਗੁਰਾਂ ਨੂੰ ਨਮਸਕਾਰ ਕਰਕੇ ਸਾਹਿਬਾਂ ਦੇ ਸਨਮੁਖ ਖਲੋ ਗਏ ਤੇ ਬਚਨ ਕੀਤਾ ਸਤਿਗੁਰੂ ਜੀ! ਕੀ ਹੁਕਮ ਹੈ? ਬੰਦੀ ਛੋੜ ਸਤਿਗੁਰੂ ਜੀ ਨੇ ਸੁਥਰੇ ਨੂੰ ਸੰਬੋਧਨ ਕਰਕੇ ਬਚਨ ਕੀਤਾ ਕਿ ਇਹ ਹਲਵਾਈ ਤੇਰੀ ਸ਼ਿਕਾਇਤ ਲੈ ਕੇ ਸਾਡੇ ਪਾਸ ਆਇਆ ਹੈ ਤੇ ਕਹਿੰਦਾ ਹੈ ਕਿ ਸੁਥਰਾ ਅੱਧਾ ਕਿੱਲੋ ਦੁੱਧ ਤੇ ਮਠਿਆਈ ਹਰ ਰੋਜ਼ ਖਾਂਦਾ ਰਿਹਾ ਹੈ ਤੇ ਜਦੋਂ ਹੁਣ ਇਸ ਨੇ ਪੈਸੇ ਮੰਗੇ ਤਦ ਤੂੰ ਇਸ ਦੁਕਾਨਦਾਰ ਨੂੰ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ ਹੈ। ਸਤਿਗੁਰੂ ਜੀ ਨੇ ਦੁਕਾਨਦਾਰ ਨੂੰ ਖੜਾ ਕਰਕੇ ਪੁੱਛਿਆ ਕਿਉਂ ਹਲਵਾਈ ਤੇਰੀ ਇਹੀ ਫਰਿਆਦ ਹੈ ਨਾ? ਹਲਵਾਈ ਨੇ ਕਿਹਾ ਸਤਿਗੁਰੂ ਜੀ! ਬਿਲਕੁਲ ਮੇਰੀ ਇਹੀ ਫਰਿਆਦ ਹੈ। ਸੁਥਰਾ ਮੇਰੇ ਹਫ਼ਤੇ ਦੇ ਦੁੱਧ ਤੇ ਮਠਿਆਈ ਦੇ ਪੈਸੇ ਦੇਣ ਤੋਂ ਮੁਕਰ ਗਿਆ ਹੈ। ਸਤਿਗੁਰੂ ਜੀ ਨੇ ਮੁੜ ਸੁਥਰੇ ਨੂੰ ਪੁੱਛਿਆ ਸੁਥਰਿਆ! ਤੂੰ ਇਸ ਦੁਕਾਨਦਾਰ ਦੇ ਪੈਸੇ ਕਿਉਂ ਨਹੀਂ ਦਿੱਤੇ? ਸੁਥਰਾ ਜੀ ਕਹਿਣ ਲੱਗੇ ਪਾਤਸ਼ਾਹ! ਮੈਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੁਕਮ ਦੀ ਪਾਲਣਾ ਕਰਕੇ ਪੈਸੇ ਦੇਣ ਤੋਂ ਇਨਕਾਰ ਕੀਤਾ ਹੈ।
ਸਤਿਗੁਰੂ ਜੀ ਸੁਥਰੇ ਨੂੰ ਪੁੱਛਣ ਲੱਗੇ, ਉਹ ਕਿਹੜਾ ਹੁਕਮ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਬਾਣੀ ਵਿੱਚ ਹੈ ਜੋ ਕਿਸੇ ਦੇ ਪੈਸੇ ਦੇਣ ਤੋਂ ਮੁਨਕਰ ਹੋਣ ਲਈ ਕਹਿੰਦਾ ਹੈ? ਤਦ ਸੁਥਰਾ ਜੀ ਕਹਿਣ ਲੱਗੇ ਸਤਿਗੁਰੂ! ਜਪੁਜੀ ਸਾਹਿਬ ਅੰਦਰ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ “ਕੇਤੇ ਲੈ ਲੈ ਮੁਕਰ ਪਾਹਿ॥” ਮੈਂ ਤਾਂ ਇਹਦੇ ਦੁੱਧ ਦੇ ਪੈਸਿਆਂ ਤੋਂ ਹੀ ਮੁਨਕਰ ਹੋਇਆ ਹਾਂ, ਸਤਿਗੁਰੂ ਜੀ ਤਾਂ ਕਹਿੰਦੇ ਹਨ ਕਿ ਸੰਸਾਰ ਵਿੱਚ ਕਿਤਨੇ ਹੀ ਮਨੁੱਖ ਅਜਿਹੇ ਹਨ ਜੋ ਲੋਕਾਂ ਕੋਲੋਂ ਨਗਦ ਪੈਸੇ ਲੈ ਕੇ ਮੁੱਕਰ ਜਾਂਦੇ ਹਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੁਸਕਰਾਏ ਤੇ ਸੁਥਰੇ ਨੂੰ ਕਹਿਣ ਲੱਗੇ ਸੁਥਰਿਆ ਅਗਲੀ ਪੰਕਤੀ ਪੜ੍ਹ, ਜੋ ਸੰਸਾਰ ਤੇ ਕਰਤਾਰ ਕੋਲੋਂ ਲੈ ਕੇ ਮੁਨਕਰ ਹੋ ਜਾਂਦੇ ਹਨ ਉਹ “ਕੇਤੇ ਮੂਰਖ ਖਾਹੀ ਖਾਹਿ॥” ਦੀ ਕਾਰ ਕਰਕੇ ਮੂਰਖਾਂ ਦੇ ਟੋਲੇ ਦੇ ਮੈਂਬਰ ਗਿਣੇ ਜਾਂਦੇ ਹਨ। ਗੁਰਸਿੱਖ ਨੇ ਸਾਫ਼ ਸੁਥਰਾ ਵਿਹਾਰ ਰੱਖ ਕੇ ਸੰਸਾਰ ਵਿੱਚ ਆਪਣੀ ਸਚਿਆਰਤਾ ਦਾ ਪ੍ਰਗਟਾਵਾ ਕਰਨਾ ਹੈ ਤੇ ਦੇਣਹਾਰ ਦਾਤਾਰ ਦਾ ਧੰਨਵਾਦ ਕਰਕੇ ਕਰਤਾਰ ਦੇ ਸ਼ੁਕਰਗੁਜਾਰ ਬਣਨਾ ਹੈ। ਸਤਿਗੁਰਾਂ ਦਾ ਬਚਨ ਸੁਣ ਕੇ ਸੁਥਰਾ ਕਹਿਣ ਲੱਗਾ ਪਾਤਸ਼ਾਹ! ਮੈਂ ਤਾਂ ਆਪ ਜੀ ਦਾ ਸੌਖਾ ਜਿਹਾ ਹੁਕਮ ਮੰਨ ਲਿਆ, ਸਾਰੇ ਹੁਕਮ ਮੈਂ ਹੀ ਥੋੜੇ ਮੰਨਣੇ ਹਨ? ਆਹ ਸਾਹਮਣੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਬੈਠੇ ਹਨ ਅਗਲਾ ਹੁਕਮ ਮੰਨਣ ਵਾਸਤੇ ਮੈਂ ਉਨ੍ਹਾਂ ਲਈ ਛੱਡ ਦਿੱਤਾ ਹੈ। ਸਤਿਗੁਰੂ ਜੀ ਨੇ ਦੁਕਾਨਦਾਰ ਨੂੰ ਖਜਾਨਚੀ ਪਾਸੋਂ ਪੈਸੇ ਦੁਆ ਦਿੱਤੇ ਤੇ ਸਿੱਖਾਂ ਨੂੰ ਸੰਕੇਤ ਦਿੱਤਾ ਸਿੱਖੋ! ਸੁਥਰੇ ਦੇ ਇਨ੍ਹਾਂ ਵਿਅੰਗਮਈ ਬਚਨਾਂ ਤੋਂ ਸੇਧ ਲਵੋ ਜੇ ਗੁਰੂ ਦਾ ਹੁਕਮ ਮੰਨ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਹੈ ਤਾਂ ਸੰਪੂਰਨ ਗੁਰੂ ਦਾ ਹੁਕਮ ਮੰਨਿਆ ਕਰੋ। ਆਪਣੀ ਮਰਜੀ ਦਾ ਹੁਕਮ ਜੋ ਤੁਹਾਨੂੰ ਚੰਗਾ ਲਗਦਾ ਹੋਵੇ, ਸੌਖੇ ਜਿਹੇ ਹੁਕਮ ਦੀ ਅੱਧ-ਕੱਚੀ ਕਮਾਈ ਨਾ ਕਰਿਆ ਕਰੋ। ਇਸ ਤਰ੍ਹਾਂ ਕਰਨ ਨਾਲ ਸਤਿਗੁਰੂ ਜੀ ਦੀ ਪ੍ਰਸਨੰਤਾ ਨਹੀਂ ਹੁੰਦੀ ਹੈ।