Guru Nanak National : ਲੁਧਿਆਣਾ : ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਐਕਸਟੈਂਸ਼ਨ ਸੈੱਲ ਵੱਲੋਂ ਨੇੜਲੀਆਂ ਦਾਣਾ ਮੰਡੀਆਂ ਦਾ ਦੌਰਾ ਕਰਨ ਅਤੇ ਕਿਸਾਨਾਂ, ਮਜ਼ਦੂਰਾਂ, ਮੰਡੀਆਂ ਦੇ ਸਟਾਫ, ਪ੍ਰਵਾਸੀਆਂ ਆਦਿ ਨੂੰ ਕੋਵਿਡ ਮਹਾਂਮਾਰੀ ਦੇ ਖਤਰਨਾਕ ਪ੍ਰਭਾਵ ਤੋਂ ਜਾਣੂ ਕਰਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਸਾਰਿਆਂ ਨੂੰ ਮਿਲ ਕੇ ਰੋਜ਼ਾਨਾਂ ਰੁਟੀਨ ਵਿੱਚ ਕੰਮ-ਕਾਰ ਕਰਦੇ ਸਮੇਂ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਇਸ ਦੇ ਫੈਲਣ ਨੂੰ ਰੋਕਣ ਦੀ ਜਰੂਰਤ ਹੈ। ਵਲੰਟੀਅਰਾਂ ਨੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੰਡੇ ਅਤੇ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਅਤੇ ਵਾਇਰਸ ਨੂੰ ਫੈਲਣ ਤੋਂ ਰੋਕਣ ਵਿਚ ਆਪਣੀ ਬਣਦੀ ਭੂਮਿਕਾ ਨਿਭਾਉਣ ਬਾਰੇ ਵੀ ਜਾਗਰੂਕ ਕੀਤਾ। ਬੀ.ਸੀ.ਏ. ਤੀਜੇ ਸਾਲ ਦੇ ਵਿਦਿਆਰਥੀ ਤਰੁਨਪ੍ਰੀਤ ਸਿੰਘ, ਕਰਨਪ੍ਰੀਤ ਸਿੰਘ ਅਤੇ ਕਰਨਵੀਰ ਸਿੰਘ, ਜ਼ਿਨ੍ਹਾਂ ਅੱਜ ਦਾਣਾ ਮੰਡੀ ਦਾ ਦੌਰਾ ਕਰਦਿਆਂ ਸਾਂਝੇ ਤੌਰ ‘ਤੇ ਕਿਹਾ ‘ਕਿਉਂਕਿ ਖਰੀਦ ਆਪਣੇ ਸਿਖਰਾਂ ‘ਤੇ ਹੈ, ਇਸ ਲਈ ਕਿਸਾਨਾਂ ਅਤੇ ਮਜ਼ਦੂਰ ਸ੍ਰੇਣੀ ਦਾ ਇਨ੍ਹਾਂ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਕੁਦਰਤੀ ਹੈ, ਜੋ ਕੋਵਿਡ ਪੋਜ਼ਟਿਵ ਮਾਮਲਿਆਂ ਦੇ ਉਛਾਲ ਦਾ ਕਾਰਨ ਬਣ ਸਕਦਾ ਹੈ। ਭਾਵੇਂ ਕਿ ਸਰਕਾਰੀ ਅਧਿਕਾਰੀ ਇਸ ਮਹਾਂਮਾਰੀ ਨੂੰ ਰੋਕਣ ਲਈ ਹਰ ਸੰਭਵ ਉਪਰਾਲੇ ਕਰ ਰਹੇ ਹਨ, ਪਰ ਸਾਨੂੰ ਵੀ ਅੱਜ ਦੋਰਾਹਾ ਦੀ ਅਨਾਜ ਮੰਡੀ ਵਿਖੇ ਸਖਤ ਨਿਗਰਾਨੀ ਰੱਖਣ ਦਾ ਪ੍ਰਾਜੈਕਟ ਸੌਂਪਿਆ ਗਿਆ, ਜਿਸ ਵਿੱਚ ਪ੍ਰਵਾਸੀ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਹੱਥਾਂ ਦੀ ਸਫਾਈ, ਮਾਸਕ ਪਾਉਣਾ ਅਤੇ ਇਕ ਦੂਜੇ ਤੋਂ ਸੁਰੱਖਿਅਤ ਦੂਰੀ ਬਣਾਈ ਰੱਖਣ ਲਈ ਪ੍ਰੇਰਿਤ ਕਰਨਾ ਸ਼ਾਮਲ ਹੈ’।
ਇਸੇ ਤਰ੍ਹਾਂ ਬੀ.ਏ. ਭਾਗ-1 ਦੀਆਂ ਵਲੰਟੀਅਰ ਲੜਕੀਆਂ ਸੰਦੀਪ ਕੌਰ ਅਤੇ ਸੁਖਵਿੰਦਰ ਕੌਰ ਨੇ ਦੋਰਾਹਾ-ਨੀਲੋਂ ਰੋਡ ‘ਤੇ ਆਉਣ ਵਾਲੇ ਯਾਤਰੀਆਂ ਨੂੰ ਪੁਲਿਸ ਦੀ ਸਹਾਇਤਾ ਨਾਲ ਮਾਸਕ ਵੰਡੇ ਅਤੇ ਇਸ ਨੂੰ ਪਾਉਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ, ਵਿਸ਼ੇਸ਼ ਤੋਰ ‘ਤੇ ਇਸ ਔਖੀ ਘੜੀ ਮੌਕੇ ਜਦੋਂ ਕੋਵਿਡ ਨੇ ਪੂਰੀ ਦੁਨੀਆ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ‘ਅਸੀਂ ‘ਜਨ ਅੰਦੋਲਨ – ਦ ਕੰਪੇਨ ਫਾਰ ਕੋਵਿਡ-19’ ਚਲਾ ਰਹੇ ਹਾਂ ਜਿਸ ਵਿੱਚ ਆਨਲਾਈਨ ਪੋਸਟਰ ਬਣਾਉਣ, ਲੇਖ ਲਿਖਣ ਅਤੇ ਮਾਸਕ ਬਣਾਉਣ ਦੇ ਮੁਕਾਬਲੇ ਵੀ ਸ਼ਾਮਲ ਹਨ। ਇਹ ਗਤੀਵਿਧੀਆਂ ਸੋਸ਼ਲ ਮੀਡੀਆ ਹੈਂਡਲਜ਼ ਦੁਆਰਾ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ #ਹੈਸ਼ਟੈਗ ਯੂਨਾਈਟ 2 ਫਾਈਟ ਕੋਰੋਨਾ ਲੋਕਾਂ ਨੂੰ ਸਮਾਜਿਕ ਦੂਰੀਆਂ ਦੀ ਮਹੱਤਤਾ ਅਤੇ ਹੋਰ ਰੋਕਥਾਮ ਉਪਾਵਾਂ ਜਿਵੇਂ ਮਾਸਕ ਅਤੇ ਸੈਨੀਟਾਈਜ਼ਰ ਦੀ ਵਰਤੋਂ ਆਦਿ ਤੋਂ ਜਾਣੂ ਕਰਵਾਉਂਦੇ ਹਨ’। ਕਾਲਜ ਦੇ ਪ੍ਰਧਾਨ ਰੂਪ ਬਰਾੜ ਨੇ ਹੋਰ ਕਮੇਟੀ ਮੈਂਬਰਾਂ ਅਤੇ ਪ੍ਰਿੰਸੀਪਲ ਡਾ. ਨਰਿੰਦਰ ਸਿੱਧੂ ਦੇ ਨਾਲ ਸਟਾਫ ਅਤੇ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਆਪਣੀਆਂ ਸਮਾਜਿਕ ਜਿੰਮੇਵਾਰੀਆਂ ਨੂੰ ਸਮਝਣ ਅਤੇ ਸਮੇਂ ਸਮੇਂ ‘ਤੇ ਬਣਦਾ ਯੋਗਦਾਨ ਪਾਉਣ ਦੀ ਵੀ ਅਪੀਲ ਕੀਤੀ। ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਆਪਣੇ ਆਪ ਨੂੰ ਕੋਵਿਡ-19 ਤੋਂ ਬਚਾਉਣ ਦੇ ਤਰੀਕਿਆਂ ਬਾਰੇ ਅਨਾਜ ਮੰਡੀਆਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਕਾਲਜ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਹੋਰ ਵਿਦਿਅਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੀ ਕੋਵਿਡ-19 ਮਹਾਂਮਾਰੀ ਵਿਰੁੱਧ ਲੜਾਈ ਵਿੱਚ ਸਹਿਯੋਗ ਕਰਨ।