Guru Tegh Bahadur : ਨਵੀਂ ਦਿੱਲੀ : ਸਿੱਖ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ‘ਚ ਟ੍ਰੇਨਿੰਗ ਦੇਣ ਲਈ ਨਵੀਂ ਦਿੱਲੀ ਵਿਖੇ ਗੁਰੂ ਤੇਗ ਬਹਾਦਰ ਅਕਾਦਮੀ ਦੀ ਸਥਾਪਨਾ ਕੀਤੀ ਗਈ ਹੈ। ਇਹ ਅਕਾਦਮੀ ਖੋਲ੍ਹਣ ਦਾ ਮੁੱਖ ਉਦੇਸ਼ ਸਿੱਖ ਬੱਚਿਆਂ ਦੀ ਪ੍ਰਸ਼ਾਸਨ ‘ਚ ਹਿੱਸੇਦਾਰੀ ਨੂੰ ਵਧਾਉਣਾ ਹੈ। ਇਸ ਅਕਾਦਮੀ ਅਧੀਨ ਸਿੱਖ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਉਹ ਸਿਵਲ ਸੇਵਾਵਾਂ ‘ਚ ਅੱਗੇ ਆ ਸਕਣ। ਇਸ ਅਕਾਦਮੀ ਦੀ ਸਥਾਪਨਾ ਵਿਸ਼ਵ ਪੰਜਾਬੀ ਸੰਗਠਨ ਦੇ ਪ੍ਰਧਾਨ ਅਤੇ ਦਾਨਵੀਰ ਵਿਕਰਮ ਸਿੰਘ ਸਾਹਨੀ ਵੱਲੋਂ ਕੀਤੀ ਗਈ ਹੈ।
ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਅਕਾਦਮੀ ਦੀ ਸਥਾਪਨਾ ਹੋਣ ਨਾਲ ਗਰੀਬ ਪ੍ਰਤਿਭਾਸ਼ਾਲੀ ਬੱਚੇ ਵੀ ਅੱਗੇ ਆ ਸਕਣਗੇ ਜਿਨ੍ਹਾਂ ਨੂੰ ਨਾਮਵਰ ਪ੍ਰਾਈਵੇਟ ਕੋਚਿੰਗ ਸੰਸਥਾਵਾਂ ਵੱਲੋਂ ਸਪਾਂਸਰ ਕੀਤਾ ਜਾਵੇਗਾ ਅਤੇ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਿੱਖ ਬੱਚਿਆਂ ਦੀ ਸਿਵਲ ਸੇਵਾ ਦੀ ਕੋਚਿੰਗ ਫੀਸ ਦਾ 85 ਫੀਸਦੀ ਹਿੱਸਾ ਅਕਾਦਮੀ ਵੱਲੋਂ ਦਿੱਤਾ ਜਾਵੇਗਾ। ਹੋਰ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਅਕਾਦਮੀ ‘ਚ ਉਹ ਸਿੱਖ ਵਿਦਿਆਰਥੀ ਜਿਨ੍ਹਾਂ ਨੇ ਸਿਵਲ ਸੇਵਾਵਾਂ ਦੀ ਸ਼ੁਰੂਆਤੀ ਪ੍ਰੀਖਿਆ ਪਾਸ ਕਰ ਲਈ ਹੈ ਉਹ ਟ੍ਰੇਨਿੰਗ ਲੈਣ ਲਈ ਆਪਣਾ ਨਾਂ ਗੁਰੂ ਤੇਗ ਬਹਾਦਰ ਅਕਾਦਮੀ ‘ਚ ਰਜਿਸਟਰਡ ਕਰਵਾ ਸਕਦੇ ਹਨ ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਵੀ ਅਕਾਦਮੀ ਵੱਲੋਂ ਕੀਤਾ ਜਾਵੇਗਾ।
ਸ. ਸਿਰਸਾ ਨੇ ਦੱਸਿਆ ਕਿ ਇਸ ਅਕਾਦਮੀ ‘ਚ ਬੱਚਿਆਂ ਦੀ ਚੋਣ ਵਾਸਤੇ ਪੰਜ ਮੈਂਬਰ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਜਿਨ੍ਹਾਂ ‘ਚ ਪੰਜ ਸਿੱਖ ਰਿਟਾਇਰਡ IAS, IPS ਅਧਿਕਾਰੀ ਸ਼ਾਮਲ ਹੋਣਗੇ। ਸਿੱਖ ਬੱਚਿਆਂ ਦੇ ਪਹਿਲੇ ਬੈਚ ਦੀ ਕੋਚਿੰਗ ਦਸੰਬਰ ‘ਚ ਸ਼ੁਰੂ ਕੀਤੀ ਜਾਵੇਗੀ। ਸ. ਸਿਰਸਾ ਨੇ ਦੱਸਿਆ ਕਿ ਇਸ ਅਕਾਦਮੀ ਦੇ ਖੁੱਲ੍ਹਣ ਨਾਲ ਸਿੱਖ ਬੱਚਿਆਂ ਨੂੰ ਸਿਵਲ ਸੇਵਾਵਾਂ ‘ਚ ਟ੍ਰੇਨਿੰਗ ਲਈ ਪੇਸ਼ ਆ ਰਹੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਅਤੇ ਇਸ ਦੇ ਨਾਲ ਹੀ ਸਿੱਖ ਬੱਚਿਆਂ ਨੂੰ ਦੇਸ਼ ਦੀ ਸੇਵਾ ‘ਚ ਆਪਣਾ ਯੋਗਦਾਨ ਪਾਉਣ ਦਾ ਸੁਨਿਹਰੀ ਮੌਕਾ ਮਿਲ ਸਕੇਗਾ।