Harish Rai Dhanda : ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਬਲਾਤਕਾਰ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ਵੀ ਹੁਣ ਵਿਧਾਇਕ ਬੈਂਸ ਖਿਲਾਫ ਹੋ ਗਈ ਹੈ। ਇਥੋਂ ਤੱਕ ਕਿ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਵੀ ਇਸ ਸ਼ਰਮਨਾਕ ਕਰਤੂਤ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਬੁਲਾਈ ਗਈ ਜਿਸ ‘ਚ ਹੀਰਾ ਸਿੰਘ ਗਾਬੜੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ ਅਤੇ ਹਰੀਸ਼ ਰਾਏ ਢਾਂਡਾ (ਵਕੀਲ) ਨੇ ਬੈਂਸ ਦੀਆਂ ਕਰਤੂਤਾਂ ਸਾਰਿਆਂ ਸਾਹਮਣੇ ਰੱਖੀਆਂ। ਹਰੀਸ਼ ਰਾਏ ਢਾਂਡਾ ਨੇ ਡੇਲੀ ਪੋਸਟ ਨੂੰ ਨਾਲ ਗੱਲਬਾਤ ਕਰਦਿਆਂ ਖਾਸ ਤੌਰ ‘ਤੇ ਵਿਧਾਇਕ ਬੈਂਸ ਦੀਆਂ ਪੋਲਾਂ ਜਨਤਾ ਸਾਹਮਣੇ ਖੋਲ੍ਹੀਆਂ ਤੇ ਕੈਪਟਨ ਸਰਕਾਰ, ਜੋ ਕਿ ਸੁੱਤੀ ਪਈ ਹੈ, ਨੂੰ ਜਲਦ ਕਾਰਵਾਈ ਕਰਨ ਲਈ ਕਿਹਾ।
ਕੈਪਟਨ ਸਰਕਾਰ ਨੂੰ ਬਿਨਾਂ ਕੁਝ ਸੋਚੇ ਜਲਦ ਹੀ ਪੈੱਨ ਚੁੱਕ ਕੇ ਐੱਮ. ਐੱਲ. ਏ. ਬੈਂਸ ਖਿਲਾਫ FIR ਦਰਜ ਕਰਵਾਈ ਜਾਣੀ ਚਾਹੀਦੀ ਹੈ ਤੇ ਪੀੜਤ ਲੜਕੀ ਦੀ ਮੈਡੀਕਲ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਸੱਚ ਸਾਰਿਆਂ ਦੇ ਸਾਹਮਣੇ ਆ ਸਕੇ। ਧਾਰਾ 164 ਲਗਾਈ ਜਾਵੇ। ਹਫਤੇ ਦੇ ਅੰਦਰ-ਅੰਦਰ ਚਾਲਾਨ ਦਿੱਤਾ ਜਾਵੇ। ਮਹੀਨੇ ‘ਚ ਫੈਸਲਾ ਦਿੱਤਾ ਜਾਵੇ ਤਾਂ ਜੋ ਵੱਡੇ-ਵੱਡੇ ਰਾਜਨੀਤਕਾਂ ਨੂੰ ਅਕਲ ਆ ਜਾਵੇ ਤਾਂ ਜੋ ਇਸ ਤਰ੍ਹਾਂ ਪੰਜਾਬ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਕਰਦੇ ਆਏ ਹਨ। ਆਸ਼ੂ ਨਾਲ ਸਿਮਰਜੀਤ ਬੈਂਸ ਦੀ ਘਿਓ ਖਿਚੜੀ ਹੋਣ ਕਾਰਨ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਨੂੰ ਸਿਆਸੀ ਚਾਲ ਦੱਸ ਕੇ ਬੈਂਸ ਇਸ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ।
ਸਿਧਾਂਤਕ ਗੱਲਾਂ ਕਰਨ ਵਾਲੀ ਪਾਰਟੀ ਆਮ ਆਦਮੀ ਪਾਰਟੀ ਇਸ ਲਈ ਚੁੱਪ ਬੈਠੀ ਹੈ ਕਿਉਂਕਿ ਇਹ ਪਿਛਲੀਆਂ ਚੋਣਾਂ ‘ਚ ਤੁਹਾਡਾ ਸਾਥੀ ਸੀ। ਕੈਪਟਨ ਸਾਹਿਬ ਵੀ ਇਸ ਮੁੱਦੇ ‘ਤੇ ਚੁੱਪ ਹਨ। ਕੈਪਟਨ ਸਰਕਾਰ ਵੱਲੋਂ ਔਰਤ ਨੂੰ ਡਰਾਉਣ, ਧਮਕਾਉਣ ਲਈ ਸਮਾਂ ਦਿੱਤਾ ਜਾ ਰਿਹਾ ਹੈ? ਉਨ੍ਹਾਂ ਔਰਤ ਵੱਲੋਂ ਜਾਰੀ ਕੀਤੀਆਂ ਗਈਆਂ ਵ੍ਹਟਸਐਪ ਚੈਟਾਂ ਬਾਰੇ ਵੀ ਦੱਸਿਆ ਗਿਆ। ਇਸ ਤਰ੍ਹਾਂ ਵੱਖ-ਵੱਖ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਬੈਂਸ ਖਿਲਾਫ ਜਲਦ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਇੰਝ ਲੱਗਦਾ ਹੈ ਕਿ ਪੁਲਿਸ ਵੀ ਸੱਚ ਸਾਹਮਣੇ ਨਹੀਂ ਲਿਆਉਣਾ ਚਾਹੁੰਦੀ ਤਾਂ ਹੀ ਅਜੇ ਤਕ ਬੈਂਸ ਖਿਲਾਫ FIR ਦਰਜ ਨਹੀਂ ਕੀਤੀ ਗਈ। ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਹੀ ਕਿਸੇ ਕੇਸ ਦੀ ਜਾਂਚ ਕੀਤੀ ਜਾਂਦੀ ਹੈ। ਕਾਂਗਰਸ ਸਰਕਾਰ ਬੈਂਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਆਸ਼ੂ ਤੇ ਬੈਂਸ ਦੀ ਆਪਸੀ ਮਿਲੀਭੁਗਤ ਕਾਰਨ ਇਹ ਸਾਰਾ ਕੁਝ ਹੋਇਆ ਹੈ। ਵਕੀਲ ਹਰੀਸ਼ ਢਾਂਡਾ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਪੀੜਤ ਔਰਤ ਦੀਆਂ ਵ੍ਹਟਸਐਪ ਚੈਟ ਇਕੱਠੀਆਂ ਕੀਤੀਆਂ ਹਨ ਜਿਸ ਤੋਂ ਸਾਫ ਸਪੱਸ਼ਟ ਹੁੰਦਾ ਹੈ ਕਿ ਕਿਸ ਤਰ੍ਹਾਂ ਇੱਕ ਵਿਧਵਾ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਉਸ ਨਾਲ ਵਾਰ-ਵਾਰ ਬਲਾਤਕਾਰ ਕੀਤਾ ਗਿਆ? ਕੀ ਅਜਿਹੇ ਬਲਾਤਕਾਰੀ ਨੂੰ ਬਖਸ਼ ਦਿੱਤਾ ਜਾਵੇਗਾ। ਕੀ ਸਰਕਾਰ ਨੂੰ ਇਸ ਖਿਲਾਫ ਜਲਦ ਐਕਸ਼ਨ ਨਹੀਂ ਲੈਣਾ ਚਾਹੀਦਾ? ਹਰੀਸ਼ ਢਾਂਡਾ ਨੇ ਕੈਪਟਨ ਸਰਕਾਰ ਤੋਂ ਇਸ ਮਾਮਲੇ ‘ਚ ਜਲਦ ਤੋਂ ਜਲਦ ਕਾਰਵਾਈ ਦੀ ਮੰਗ ਕੀਤੀ।