Haryana women join : ਦਿੱਲੀ ਵਿਖੇ ਕਿਸਾਨਾਂ ਦਾ ਅੰਦੋਲਨ ਅੱਜ 27ਵੇਂ ਦਿਨ ਵੀ ਜਾਰੀ ਹੈ। ਕਿਸਾਨੀ ਪ੍ਰਦਰਸ਼ਨ ‘ਚ ਹਰ ਕੋਈ ਹਿੱਸਾ ਲੈ ਰਿਹਾ ਹੈ। ਭਾਵੇਂ ਉਹ ਕਿਸੇ ਤਰ੍ਹਾਂ ਦੀ ਵਿੱਤੀ ਮਦਦ ਹੋਵੇ ਜਾਂ ਪ੍ਰਦਰਸ਼ਨ ਕਰਕੇ। ਪੰਜਾਬ ਤੋਂ ਇਲਾਵਾ ਹੋਰਨਾਂ ਕਈ ਥਾਵਾਂ ਤੋਂ ਕਿਸਾਨ ਜਥੇਬੰਦੀਆਂ ਅੰਦੋਲਨ ‘ਚ ਪੁੱਜ ਰਹੀਆਂ ਹਨ। ਸਮਰਥਕਾਂ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਕਿਸਾਨਾਂ ਦੇ ਹੱਕ ‘ਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਹਰਿਆਣਾ ਦੇ ਕਰਨਾਲ ਜਿਲ੍ਹੇ ਦੇ ਅਸੰਧ ਦੀਆਂ ਔਰਤਾਂ ਹਰੀਆਂ ਪੱਗਾਂ ਬੰਨ੍ਹ ਕੇ ਧਰਨੇ ‘ਚ ਸ਼ਾਮਲ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਭਾਵੇਂ ਹਰਿਆਣੇ ‘ਚ ਔਰਤਾਂ ਨੂੰ ਇੰਨੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਪਰ ਫਿਰ ਵੀ ਉਨ੍ਹਾਂ ਨੇ ਹਿੰਮਤ ਕਰਕੇ ਖੁਦ ਗੱਡੀ ਚਲਾ ਕੇ ਕਿਸਾਨਾਂ ਦਾ ਸਮਰਥਨ ਕਰਨ ਲਈ ਦਿੱਲੀ ਪੁੱਜੀਆਂ ਹਨ।
ਬੀਬੀਆਂ ਨੇ ਇਸ ਅੰਦੋਲਨ ਨੂੰ ‘ਤੀਰਥ’ ਕਹਿ ਕੇ ਨਿਵਾਜਿਆ ਤੇ ਹੋਰਨਾਂ ਲੋਕਾਂ ਨੂੰ ਵੀ ਧਰਨਿਆਂ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ ਤੇ ਹੋਰ ਕਿਸਾਨ ਪਰਿਵਾਰਾਂ ਨੂੰ ਸੱਦਾ ਦਿੱਤਾ ਕਿ ਇਸ ਔਖੀ ਘੜੀ ‘ਚ ਕਿਸਾਨਾਂ ਦਾ ਸਾਥ ਦਿੱਤਾ ਜਾਵੇ। ਹਰਿਆਣੇ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਬੱਚਿਆਂ, ਬਜ਼ੁਰਗਾਂ ਤੇ ਭਰਾਵਾਂ ਨੂੰ ਧਰਨੇ ‘ਚ ਸ਼ਾਮਲ ਹੋ ਕੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਚੁੱਕਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇੱਕ ਬੀਬੀ ਮਨਪ੍ਰੀਤ ਕੌਰ ਵਿਰਕ ਨੇ ਦੱਸਿਆ ਕਿ ਇਸ ਕੜਕਦੀ ਠੰਡ ‘ਚ ਸਾਡੇ ਕਿਸਾਨ ਭਰਾ ਆਪਣੇ ਹੱਕਾਂ ਲਈ ਦਿੱਲੀ ਬਾਰਡਰ ‘ਤੇ ਡਟੇ ਹੋਏ ਹਨ ਤੇ ਉਨ੍ਹਾਂ ਦਾ ਸਾਥ ਦੇਣ ਲਈ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਅੰਦੋਲਨ ‘ਚ ਸ਼ਾਮਲ ਹੋਈ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਦਸਤਾਰ ਦੀ ਸਿੱਖ ਇਤਿਹਾਸ ‘ਚ ਕੀ ਅਹਿਮੀਅਤ ਹੈ।
ਹਰਿਆਣੇ ਦੀਆਂ ਬੀਬੀਆਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਜਲਦ ਰੱਦ ਕੀਤਾ ਜਾਵੇ ਤਾਂ ਜੋ ਕਿਸਾਨ ਸੁੱਖ-ਸ਼ਾਂਤ ਨਾਲ ਆਪਣੇ ਘਰਾਂ ਨੂੰ ਵਾਪਸ ਪਰਤ ਸਕਣ ਕਿਉਂਕਿ ਇੰਨੀਆਂ ਠੰਡੀਆਂ ਰਾਤਾਂ ‘ਚ ਸੜਕਾਂ ‘ਤੇ ਸੌਣਾ ਕੋਈ ਸੌਖੀ ਗੱਲ ਨਹੀਂ ਹੈ। ਮੋਦੀ ਦਾ ਕਹਿਣਾ ਹੈ ਕਿ ਇਹ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ ‘ਚ ਹਨ ਪਰ ਜੇ ਕਿਸਾਨ ਹੀ ਇਨ੍ਹਾਂ ਨੂੰ ਸਹੀ ਨਹੀਂ ਸਮਝ ਰਹੇ ਤਾਂ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ।
ਇਥੇ ਦੱਸ ਦੇਈਏ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਇਸੇ ਵਿਚਾਲੇ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਗੱਲਬਾਤ ਕਰਨ ਦੀ ਨਵੀਂ ਤਰੀਕ ਤੈਅ ਕਰਨ ਲਈ ਇੱਕ ਹੋਰ ਪੱਤਰ ਭੇਜਿਆ ਗਿਆ ਹੈ। ਉੱਥੇ ਹੀ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਸ ਪੱਤਰ ਨੂੰ ਲੈ ਕੇ ਕਿਸਾਨ ਆਗੂਆਂ ਵੱਲੋਂ ਦਾਅਵਾ ਕੀਤਾ ਗਿਆ ਕਿ ਗੱਲਬਾਤ ਲਈ ਅਗਲੀ ਤਰੀਕ ਸਬੰਧੀ ਕੇਂਦਰ ਦੇ ਪੱਤਰ ਵਿੱਚ ਕੁੱਝ ਵੀ ਨਵਾਂ ਨਹੀਂ ਹੈ।