HC stayed the arrest : ਕਰੋੜਾਂ ਦੀ ਠੱਗੀ ਦੇ ਮਾਮਲੇ ’ਚ ਦੋਸ਼ੀ ਸੰਜੇ ਕਰਾਟੇ ਦੇ ਮਾਲਕ ਸੰਜੇ ਗੋਕੁਲ ਸਰਮਾ ਦੀ ਗ੍ਰਿਫਤਾਰੀ ’ਤੇ ਹਾਈਕੋਰਟ ਨੇ 24 ਅਗਸਤ ਤੱਕ ਰੋਕ ਲਗਾ ਦਿੱਤੀ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਇਸ ਸੁਣਵਾਈ ਵਿਚ ਦਿੱਲੀ ਦੇ ਟਰਾਂਸਪੋਰਟ ਕਾਰੋਬਾਰੀ ਸੁਖਵਿੰਦਰ ਸਿੰਘ ਬਾਜਵਾ ਦੇ ਵਕੀਲ ਨੇ ਕੋਰਟ ’ਚ ਦਲੀਲ ਦਿੱਤੀ ਸੀ ਕਿ ਉਨ੍ਹਾਂ ਦਾ ਕੋਰਟ ਦੇ ਬਾਹਰ ਰਾਜੀਨਾਮਾ ਹੋ ਰਿਹਾਹੈ ਅਤੇ ਇਸ ਦੇ ਚੱਲਦਿਆਂ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ ਜਾਵੇ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਵੱਲੋਂ ਫਿਲਹਾਲ ਗ੍ਰਿਫਤਾਰੀ ’ਤੇ ਰੋਕ ਲਗਾਉਂਦੇ ਹੋਏ ਸੰਜੇ ਸ਼ਰਮਾ ਦੀ ਜਮ਼ਾਨਤ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਬੀਤੀ 10 ਜੁਲਾਈ ਨੂੰ ਦਿੱਲੀ ਦੇ ਟਰਾਂਸਪੋਰਟ ਕਾਰੋਬਾਰੀ ਸੁਖਵਿੰਦਰ ਸਿੰਘ ਬਾਜਵਾ ਨੇ ਸੰਜੇ ਗੋਕੁਲ ਸ਼ਰਮਾ ਖਿਲਾਫ ਥਾਣਾ ਨੰਬਰ 6 ਵਿਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿਚ ਉਸ ਨੇ ਕਿਹਾ ਸੀ ਕਿ ਸੰਜੇ ਸ਼ਰਮਾ ਨੇ 2018 ਵਿਚ 16 ਮਰਲੇ ਜ਼ਮੀਨ ਦਾ 7 ਕਰੋੜ ਵਿਚ ਸੌਦਾ ਕਰਵਾ ਕੇ ਉਸ ਕੋਲੋਂ 2 ਕਰੋੜ 75 ਲੱਖ ਰੁਪਏ ਕੈਸ਼ ਅਤੇ ਇਕ ਕਰੋੜ 75 ਲੱਖ ਰੁਪਏ ਬੈਂਕ ਅਕਾਊਂਟ ਰਾਹੀਂ ਟਰਾਂਸਫਰ ਕੀਤੇ ਸਨ। ਬਕਾਇਆ ਪੈਸੇ ਦੇਣ ਤੋਂ ਬਾਅਦ ਜਾਇਦਾਦ ਉਸ ਦੇ ਨਾਂ ਹੋਣੀ ਸੀ ਪਰ ਸੰਜੇ ਸ਼ਰਮਾ ਨੇ ਨਾ ਤਾਂ ਜ਼ਮੀਨ ਉਸ ਨੂੰ ਦਿੱਤੀ ਅਤੇ ਨਾ ਹੀ ਉਸ ਦੇ ਪੈਸੇ ਵਾਪਿਸ ਕੀਤੇ। ਜਿਸ ਤੋਂ ਬਾਅਦ ਸੰਜੇ ਸ਼ਰਮਾ ਖਿਲਾਫ ਥਾਣਾ ਨੰਬਰ 6 ਵਿਚ ਮਾਮਲਾ ਦਰਜ ਕੀਤਾ ਗਿਆ ਸੀ।
ਇਸੇ ਮਹੀਨੇ ਵਿਚ ਸੰਜੇ ਕਰਾਟੇ ਤੇ ਉਸ ਦੀ ਪਤਨੀ ’ਤੇ 2.50 ਕਰੋੜ ਦੀ ਠੱਗੀ ਦਾ ਮਾਮਲਾ ਵੀ ਦਰਜ ਹੋਇਆ, ਜਿਸ ਵਿਚ ਉਸ ਨੇ ਆਪਣੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨਾਲ ਪ੍ਰੋਫੈਸ਼ਨਲ ਰਿਲੇਸ਼ਨ ਦੱਸ ਦੇ ਵਿਦੇਸ਼ ਭੇਜਣ ਦੇ ਨਾਂ ’ਤੇ 8 ਲੋਕਾਂ ਤੋਂ 2.50 ਕਰੋੜ ਰੁਪਏ ਠੱਗ ਲਏ। ਇਸ ਸਬੰਧੀ ਤਲਵੰਡੀ ਨਕੋਦਰ ਦੇ ਰਹਿਣ ਵਾਲੇ ਸੁਖਰਾਜ ਸਿੰਘ ਨੇ ਪੁਲਿਸ ’ਚ ਸ਼ਿਕਾਇਤ ਦਰਜ ਕਰਵਾਈ ਸੀ।