Health Minister attends : ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਦਿਨੋ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਅੰਦੋਲਨ ‘ਚ ਬਹੁਤ ਸਾਰੇ ਕਿਸਾਨ ਸ਼ਹੀਦ ਵੀ ਹੋ ਚੁੱਕੇ ਹਨ। ਉਨ੍ਹਾਂ ‘ਚੋਂ ਇੱਕ ਨਾਂ ਗੁਰਮੀਤ ਸਿੰਘ ਸੰਧੂ ਦਾ ਵੀ ਹੈ। ਗੁਰਮੀਤ ਸਿੰਘ ਪਿੰਡ ਕੰਡਾਲਾ ਦਾ ਵਸਨੀਕ ਸੀ। ਉਹ ਦਿੱਲੀ ਵਿਖੇ ਧਰਨੇ ਦੌਰਾਨ ਸ਼ਹੀਦ ਹੋ ਗਏ। ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਸ਼ਾਮਲ ਹੋਏ ਤੇ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਗੁਰਮੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ 50 ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ ਗਿਆ।
ਗੁਰਮੀਤ ਸਿੰਘ ਸੰਧੂ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਤੇ ਦੋ ਕੁੜੀਆਂ ਨੂੰ ਛੱਡ ਗਏ ਹਨ। ਕਿਸਾਨ ਗੁਰਮੀਤ ਸਿੰਘ ਦਿੱਲੀ ਵਿਖੇ ਆਪਣੇ ਅੰਦੋਲਨ ‘ਚ ਪਿਛਲੇ ਲਗਭਗ 15 ਦਿਨਾਂ ਤੋਂ ਡਟੇ ਹੋਏ ਸਨ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਇਹ ਆਰ-ਪਾਰ ਦੀ ਲੜਾਈ ਹੋ ਕੇ ਰਹਿ ਗਈ ਹੈ ਤੇ ਜਾਂ ਤਾਂ ਉਹ ਜਿੱਤ ਕੇ ਪਰਤਣਗੇ ਤੇ ਜਾਂ ਸਵਾਸ ਤਿਆਗ ਕੇ। ਆਪਣੇ ਇਸ ਕਥਨ ਨੂੰ ਉਨ੍ਹਾਂ ਨੇ ਸੱਚ ਕਰ ਦਿੱਤਾ। ਬਲਬੀਰ ਸਿੱਧੂ ਨੇ ਗੁਰਮੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਨਾਲ ਹੀ ਕਿਹਾ ਕਿ ਹੁਣ ਇਹ ਸੰਘਰਸ਼ ਸਿਰਫ ਪੰਜਾਬ ਦੇ ਕਿਸਾਨਾਂ ਦਾ ਹੀ ਨਹੀਂ ਸਗੋਂ ਦੇਸ਼ ਦਾ ਅੰਦੋਲਨ ਬਣ ਗਿਆ ਹੈ ਤੇ ਹਰ ਵਰਗ ਤੇ ਦੇਸ਼ ਦੇ ਹਰ ਹਿੱਸੇ ਤੋਂ ਲੋਕ ਇਸ ‘ਚ ਸ਼ਾਮਲ ਹੋ ਰਹੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਸਿੱਧੂ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕਰਾਲਾ, ਮੀਤ ਪ੍ਰਧਾਨ ਹਰਬਚਨ ਲਾਲ ਰੰਗੀਆਂ , ਜਨਰਲ ਸਕੱਤਰ ਗਿਆਨ ਸਿੰਘ ਧੜਾਕ, ਬਲਾਕ ਪ੍ਰਧਾਨ (ਖਰੜ) ਜਸਬੀਰ ਸਿੰਘ ਘੋਗਾ, ਗੁਰਜੰਟ ਸਿੰਘ ਬੜੀ, ਸਰਪੰਚ ਕਿਰਪਾਲ ਸਿੰਘ ਸਿਆਊ, ਸਰਪੰਚ ਰਣਜੀਤ ਸਿੰਘ ਗਿੱਲ ਜਗਤਪੁਰਾ, ਸਰਬਤ ਦਾ ਭਲਾ ਟਰਸਟ ਦੇ ਪ੍ਰਧਾਨ ਕੁਲਵੰਤ ਸਿੰਘ ਕਲੇਰ, ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ/ਮੁਹਾਲੀ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ, ਨਰਿੰਦਰ ਸਿੰਘ ਸਿਆਊ, ਸੰਤ ਸਿੰਘ ਕੁਰੜੀ, ਸੁਰਿੰਦਰ ਸਿੰਘ ਬਰਿਆਲੀ,ਸਵਰਗੀ ਸੰਧੂ ਦੀ ਧਰਮ ਪਤਨੀ ਜਸਪਾਲ ਕੌਰ, ਭਰਾ ਸਾਧੂ ਸਿੰਘ, ਸਪੁੱਤਰ ਸੁਖਬੀਰ ਸਿੰਘ ਆਦਿ ਹਾਜ਼ਰ ਸਨ।