Hearing on Deep: ਦੀਪ ਸਿੱਧੂ ਜਿਸ ਨੂੰ 26 ਜਨਵਰੀ ਮੌਕੇ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੀ ਅੱਜ ਤੀਸ ਹਜਾਰੀ ਅਦਾਲਤ ‘ਚ ਸੁਣਵਾਈ ਹੋਈ ਪਰ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਟਲ ਗਈ ਹੈ ਤੇ ਹੁਣ 1 ਅਪ੍ਰੈਲ ਨੂੰ ਇਸ ‘ਤੇ ਸੁਣਵਾਈ ਹੋਵੇਗੀ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਭਲਕੇ ਦੀਪ ਸਿੱਧੂ ਨੂੰ ਅਦਾਲਤ ਵੱਲੋਂ ਜ਼ਮਾਨਤ ਮਿਲ ਸਕਦੀ ਹੈ ਕਿਉਂਕਿ 26 ਜਨਵਰੀ ਹਿੰਸਾ ਮਾਮਲੇ ‘ਚ ਗ੍ਰਿਫਤਾਰ ਤਿਹਾੜ ਜੇਲ੍ਹ ‘ਚ ਬੰਦ ਬਹੁਤ ਸਾਰੇ ਦੋਸ਼ੀਆਂ ਨੂੰ ਹੁਣ ਤੱਕ ਜ਼ਮਾਨਤ ਮਿਲ ਚੁੱਕੀ ਹੈ।
ਵਧੀਕ ਸੈਸ਼ਨ ਜੱਜ ਦੀਪਕ ਡਬਾਸ ਨੇ ਇਹ ਕੇਸ ਜ਼ਿਲ੍ਹਾ ਅਤੇ ਸੈਸ਼ਨ ਜੱਜ (ਹੈਡਕੁਆਟਰ) ਨੂੰ ਵਾਪਸ ਤਬਦੀਲ ਕਰ ਦਿੱਤਾ ਕਿ ਉਹ ਕੇਸ ਦੀ ਸੁਣਵਾਈ ਕਰਨਗੇ। ਅਦਾਲਤ ਨੇ ਨੋਟ ਕੀਤਾ ਕਿ ਸਾਰੇ ਸਬੰਧਤ ਮਾਮਲਿਆਂ ਦੀ ਸੁਣਵਾਈ ਇਕ ਹੋਰ ਜੱਜ ਨੇ ਕੀਤੀ ਸੀ। ਇਸ ਦੌਰਾਨ, ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਦੇ ਜਾਂਚ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਕਿ ਵਧੀਕ ਸੈਸ਼ਨ ਜੱਜ (ਏਐਸਜੇ) ਚਾਰੂ ਅਗਰਵਾਲ ਨੇ 7 ਸਹਿ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਹਾਲਾਂਕਿ, ਅਦਾਲਤ ਨੇ ਦਿੱਲੀ ਪੁਲਿਸ ਨੂੰ ਵੀ ਸਿੱਧੂ ਦੁਆਰਾ ਜ਼ਮਾਨਤ ਪਟੀਸ਼ਨ ਦਾ ਜਲਦੀ ਤੋਂ ਜਲਦੀ ਜਵਾਬ ਦੇਣ ਲਈ ਕਿਹਾ ਹੈ।
ਦੀਪ ਸਿੱਧੂ ‘ਤੇ ਵੱਖ-ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦੀਪ ਸਿੱਧੂ ਨੂੰ 8 ਫਰਵਰੀ ਦੀ ਰਾਤ ਨੂੰ ਦਿੱਲੀ ਪੁਲਿਸ ਵੱਲੋਂ ਕਰਨਾਲ ਬਾਈਪਾਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਤੀਸ ਹਜਾਰੀ ਕੋਰਟ ‘ਚ ਪੇਸ਼ ਕੀਤਾ ਗਿਆ ਸੀ ਤੇ 14 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਸੀ ਤੇ ਫਿਰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਸੀ ਤੇ ਭਲਕੇ ਦੀਪ ਸਿੱਧੂ ਦੀ ਜ਼ਮਾਨਤ ਦੀ ਪਟੀਸ਼ਨ ‘ਤੇ ਸੁਣਵਾਈ ਹੋਣੀ ਹੈ। ਚਰਚਾ ਹੈ ਕਿ 2 ਅਪ੍ਰੈਲ ਨੂੰ ਉਨ੍ਹਾਂ ਦਾ ਜਨਮ ਦਿਨ ਹੈ ਤੇ ਦੇਖਣਾ ਇਹ ਹੋਵੇਗਾ ਕਿ ਦੀਪ ਸਿੱਧੂ ਆਪਣਾ ਜਨਮ ਦਿਨ ਜੇਲ੍ਹ ਤੋਂ ਬਾਹਰ ਮਨਾਉਂਦੇ ਹਨ ਜਾਂ ਨਹੀਂ। ਦੀਪ ਸਿੱਧੂ ਦੇ ਜਨਮ ਦਿਨ ਦੇ ਮੌਕੇ ‘ਤੇ ਵੱਖ-ਵੱਖ ਥਾਵਾਂ ‘ਤੇ ਖੂਨਦਾਨ ਕੈਂਪ ਵੀ ਲਗਾਏ ਜਾ ਰਹੇ ਹਨ। ਲਗਾਤਾਰ ਕਿਸਾਨ ਅੰਦੋਲਨ ‘ਚ ਸ਼ਾਮਲ ਰਹੇ ਦੀਪ ਸਿੱਧੂ ਵੱਲੋਂ ਸ਼ੰਭੂ ਮੋਰਚਾ ਲਗਾਇਆ ਗਿਆ। ਕਿਸਾਨ ਜਥੇਬੰਦੀਆਂ ਵੱਲੋਂ ਦੀਪ ਸਿੱਧੂ ਦਾ ਕਾਫੀ ਵਿਰੋਧ ਵੀ ਕੀਤਾ ਗਿਆ ਸੀ ਤੇ ਉਨ੍ਹਾਂ ਦਾ ਸਮਾਜਿਕ ਬਾਈਕਾਟ ਵੀ ਕੀਤਾ ਗਿਆ ਸੀ। ਭਲਕੇ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਹੋਣੀ ਹੈ ਤੇ ਉਨ੍ਹਾਂ ਦੇ ਰਿਹਾਅ ਹੋਣ ਦੀ ਪੂਰੀ ਉਮੀਦ ਕੀਤੀ ਜਾ ਰਹੀ ਹੈ।