Help for the : ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਦੀ ਜੀਵਨੀ ‘ਚ ਲਿਖਿਆ ਹੈ ਗਰੀਬ ਦਾ ਮੂੰਹ, ਗੁਰੂ ਕੀ ਗੋਲਕ। ਮਤਲਬ ਕਿਸੇ ਗਰੀਬ ਨੂੰ ਦਿੱਤੀ ਗਈ ਮਦਦ ਗੁਰੂ ਕੀ ਗੋਲਕ ਵਿਚ ਪਹੁੰਚ ਜਾਂਦੀ ਹੈ। ਇੱਕ ਵਾਰ ਇਕ ਪਸੌਰ ਦੇ ਰਹਿਣ ਵਾਲੇ ਇੱਕ ਸਿੱਖ ਨੇ ਮਧੂਮੱਖੀ ਦਾ ਸ਼ਹਿਦ ਚੋਅ ਕੇ ਸਾਫ ਕਰਕੇ ਇਕ ਭਾਂਡੇ ‘ਚ ਪਾਇਆ ਤੇ ਗੁਰੂ ਸਾਹਿਬ ਜੀ ਨੂੰ ਭੇਟ ਕਰਕੇ ਤੁਰ ਗਿਆ। ਰਸਤੇ ‘ਚ ਇੱਕ ਸਿੱਖ ਦੇ ਘਰ ਰੁਕਿਆ ਉਸ ਨੂੰ ਖੰਘ ਤੇ ਜੁਕਾਮ ਲੱਗਾ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਆਏ ਸਿੱਖ ਕੋਲ ਸ਼ਹਿਦ ਹੈ ਤਾਂ ਉਹ ਬਹੁਤ ਖੁਸ਼ ਹੋਇਆ। ਉਸ ਨੇ ਸਿੱਖ ਨੂੰ ਕਿਹਾ ਕਿ ਭਾਈ ਸਾਹਿਬ ਤੇਰੇ ਕੋਲ ਸ਼ਹਿਦ ਹੈ। ਉਸ ‘ਚੋਂ ਦੋ ਕੁ ਚੱਮਚ ਮੈਨੂੰ ਦੇ ਦਿਓ ਤਾਂ ਮੈਂ ਇਸ ‘ਚ ਦਵਾਈ ਮਿਲਾ ਕੇ ਖਾ ਲਵਾਂ ਤੇ ਮੇਰਾ ਖੰਘ ਜ਼ੁਕਾਮ ਠੀਕ ਹੋ ਜਾਵੇਗਾ। ਸਿੱਖ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਮੈਂ ਗੁਰੂ ਜੀ ਵਾਸਤੇ ਲੈ ਕੇ ਚੱਲਾ ਹਾਂ ਤੈਨੂੰ ਨਹੀਂ ਦੇਵਾਂਗਾ। ਉਹ ਵਿਚਾਰਾ ਸਾਰੀ ਰਾਤ ਖੰਘਦਾ ਰਿਹਾ ਤੇ ਜ਼ੁਕਾਮ ਨਾਲ ਉਸ ਦਾ ਬੁਰਾ ਹਾਲ ਸੀ। ਸਵੇਰੇ ਉਸ ਸ਼ਹਿਦ ਵਾਲੇ ਸਿੱਖ ਨੇ ਗੁਰੂ ਵਲ ਚਾਲੇ ਪਾ ਦਿੱਤੇ ਤੇ ਮੱਥਾ ਟੇਕ ਕੇ ਸ਼ਹਿਦ ਗੁਰੂ ਜੀ ਅੱਗੇ ਭੇਟ ਕੀਤਾ।
ਜਾਣੀ ਜਾਣ ਗੁਰੂ ਜੀ ਨੇ ਕਿਹਾ ਕਿ ਇਹ ਕੀ ਹੈ? ਸਿੱਖ ਨੇ ਕਿਹਾ ਕਿ ਇਹ ਸ਼ਹਿਦ ਹੈ। ਗੁਰੂ ਜੀ ਨੇ ਕਿਹਾ ਕਿ ਇਹ ਸ਼ਹਿਦ ਅਸੀਂ ਸਾਰੀ ਰਾਤ ਮੰਗਦੇ ਰਹੇ, ਸਾਡਾ ਖੰਘ ਤੇ ਜ਼ੁਕਾਮ ਨਾਲ ਬੁਰਾ ਹਾਲ ਹੋ ਰਿਹਾ ਸੀ। ਉਦੋਂ ਕਿਉਂ ਨਾ ਦਿੱਤਾ? ਸਿੱਖ ਨੇ ਕਿਹਾ ਕਿ ਉਹ ਤਾਂ ਮੈਥੋਂ ਇੱਕ ਵਿਅਕਤੀ ਨੇ ਮੰਗਿਆ ਸੀ ਪਰ ਮੈਂ ਕਿਹਾ ਕਿ ਮੈਂ ਤਾਂ ਗੁਰੂ ਜੀ ਵਾਸਤੇ ਲੈ ਕੇ ਚੱਲਾ ਹਾਂ।
ਗੁਰੂ ਜੀ ਨੇ ਉਥੇ ਮੌਜੂਦ ਸਾਰਿਆਂ ਨੂੰ ਉਪਦੇਸ਼ ਦਿੱਤਾ ਕਿ ਜੇਕਰ ਤੁਹਾਡੀ ਦਰ ‘ਤੇ ਕੋਈ ਲੋੜਵੰਦ ਆ ਕੇ ਪੈਸੇ, ਕੱਫਰੇ ਜਾਂ ਭੋਜਨ ਮੰਗਦਾ ਹੈ ਤਾਂ ਤੁਸੀਂ ਆਪਣੀ ਸਮਰੱਥਾ ਅਨੁਸਾਰ ਉਸ ਦੀ ਮਦਦ ਕਰੋ, ਤੁਹਾਡੀ ਹਾਜ਼ਰੀ ਗੁਰੂ ਘਰ ‘ਚ ਲੱਗ ਜਾਵੇਗੀ। ਤੁਹਾਡਾ ਦਸਵੰਧ ਗੁਰੂ ਕੀ ਗੋਲਕ ‘ਚ ਗਿਣਿਆ ਜਾਵੇਗਾ। ਇਸ ਸੰਦੇਸ਼ ਨੇ ਦਸਵੰਧ ਦੀ ਪਰਿਭਾਸ਼ਾ ਗੋਲਕਾਂ ਤੱਕ ਸੀਮਤ ਨਾ ਕਰਕੇ ਵਿਆਪਕ ਰੂਪ ‘ਚ ਪੇਸ਼ ਕੀਤੀ।