ਹੁਸ਼ਿਆਰਪੁਰ ਪੁਲਿਸ ਨੇ ਦੇਰ ਰਾਤ ਸ਼ਹਿਰ ਅਤੇ ਪਿੰਡਾਂ ‘ਚ ਗਸ਼ਤ ਕਰਦੇ ਹੋਏ 3 ਵੱਖ-ਵੱਖ ਮਾਮਲਿਆਂ ‘ਚ 5 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਤਸਕਰਾਂ ਕੋਲੋਂ 410 ਗ੍ਰਾਮ ਨਸ਼ੀਲਾ ਪਾਊਡਰ ਅਤੇ 12 ਨਸ਼ੇ ਦੇ ਟੀਕੇ ਬਰਾਮਦ ਕੀਤੇ ਗਏ ਹਨ। ਨਸ਼ਾ ਤਸਕਰਾਂ ਦੀ ਪਛਾਣ ਕੁਲਦੀਪ ਸਿੰਘ ਉਰਫ ਕਾਲੂ, ਮਨਦੀਪ ਕੌਰ ਉਰਫ ਪੂਜਾ, ਮਨਦੀਪ ਸਿੰਘ, ਲਾਡੀ ਅਤੇ ਰਾਜ ਕੁਮਾਰ ਵੱਜੋਂ ਹੋਈ ਹੈ। ਫੜੇ ਗਏ ਮੁਲਜ਼ਮਾਂ ਖ਼ਿਲਾਫ਼ NDPS ਐਕਟ ਦੀ ਧਾਰਾ 22,61,85 ਤਹਿਤ ਮਾਮਲਾ ਦਰਜ ਕੀਤਾ ਹੈ।
ਥਾਣਾ ਮਾਡਲ ਟਾਊਨ ਦੇ ASI ਤਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਮੰਗਲਵਾਰ ਦੇਰ ਰਾਤ ਸ਼ਹਿਰ ਵਿੱਚ ਗਸ਼ਤ ਕਰਦੇ ਹੋਏ ਭਗਤ ਨਗਰ ਇਲਾਕੇ ਵਿੱਚ ਪੁੱਜੀ ਤਾਂ ਕਿਸੇ ਨੇ ਦੱਸਿਆ ਕਿ ਦੋ ਨੌਜਵਾਨ ਇਲਾਕੇ ਵਿੱਚ ਵੱਡੀ ਪੱਧਰ ’ਤੇ ਨਸ਼ੇ ਦੀ ਤਸਕਰੀ ਕਰ ਰਹੇ ਹਨ। ਛਾਪੇਮਾਰੀ ਕਰਨ ‘ਤੇ ਨਸ਼ਾ ਖਰੀਦ ਰਹੇ ਵਿਅਕਤੀ ਉਥੋਂ ਭੰਗੀ ਚੋਅ ਵੱਲ ਭੱਜਣ ਲੱਗੇ ਪਰ ਪੁਲਿਸ ਨੇ ਕੁਲਦੀਪ ਸਿੰਘ ਅਤੇ ਮਨਦੀਪ ਕੌਰ ਨੂੰ 200 ਗ੍ਰਾਮ ਚਿਟਾ ਨਸ਼ੀਲੇ ਪਾਊਡਰ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ।
ਇਹ ਵੀ ਪੜ੍ਹੋ : ਪੰਜਾਬ ‘ਚ ਠੰਢ ਨੇ ਕੱਢੇ ਵੱਟ, ਮੌਸਮ ਵਿਭਾਗ ਵੱਲੋਂ 18 ਜ਼ਿਲ੍ਹਿਆਂ ਲਈ 24 ਦਸੰਬਰ ਤੱਕ ਯੈਲੋ ਅਲਰਟ ਜਾਰੀ
ਇਸੇ ਤਰ੍ਹਾਂ ਥਾਣਾ ਗੜ੍ਹਸ਼ੰਕਰ ਦੇ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪਿੰਡਾਂ ‘ਚ ਗਸ਼ਤ ਕਰ ਰਹੀ ਪੁਲਿਸ ਪਾਰਟੀ ਜਦੋਂ ਬਿਸਤ ਦੁਆਬ ਨਹਿਰ ਦੇ ਪੁਲ ਕੋਲ ਪੁੱਜੀ ਤਾਂ ਇਕ ਨੌਜਵਾਨ ਪੁਲਿਸ ਨੂੰ ਦੇਖ ਕੇ ਭੱਜ ਗਿਆ ਪਰ ਪੁਲਿਸ ਨੇ ਪਿੱਛਾ ਕਰਕੇ ਉਸ ਨੂੰ ਰੋਕ ਲਿਆ। ਤਲਾਸ਼ੀ ਦੌਰਾਨ ਮੁਲਜ਼ਮ ਲਾਡੀ ਵਾਸੀ ਮੋਹਣਵਾਲ ਕੋਲੋਂ 12 ਨਸ਼ੀਲੇ ਟੀਕੇ ਬਰਾਮਦ ਹੋਏ।
ਉਧਰ, SI ਰਜਿੰਦਰ ਸਿੰਘ ਦੀ ਅਗਵਾਈ ਹੇਠ ਉਕਤ ਥਾਣੇ ਦੀ ਪੁਲਿਸ ਨੇ ਬੱਸ ਸਟੈਂਡ ਨੇੜੇ ਇੱਕ ਨਿੱਜੀ ਹੋਟਲ ਨੇੜਿਓਂ ਮੋਟਰਸਾਈਕਲ (PB 07 BQ 6013) ਸਵਾਰ ਮਨਦੀਪ ਸਿੰਘ ਵਾਸੀ ਦੋਲੋਵਾਲ ਅਤੇ ਰਾਜ ਕੁਮਾਰ ਵਾਸੀ ਘਾਸੀਪੁਰ ਨੂੰ 210 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਪੰਜਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ : –