HWCs will be : ਪੰਜਾਬ ਪੁਲਿਸ ਵੱਲੋਂ ਮੁਲਾਜ਼ਮਾਂ ਦੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ ਅਹਿਮ ਫੈਸਲਾ ਲਿਆ ਗਿਆ ਹੈ। ਹੁਣ ਸੂਬੇ ਦੇ ਸਾਰੇ ਜਿਲ੍ਹਿਆਂ ‘ਚ ਐੱਚ. ਡਬਲਯੂ. ਸੀ. (ਹੈਲਥ ਐਂਡ ਵੈੱਲਨੈੱਸ ਸੈਂਟਰ) ਸਥਾਪਤ ਕੀਤੇ ਜਾਣਗੇ। ਇਹ ਕੇਂਦਰ ਸਾਰੇ ਹਥਿਆਰਬੰਦ ਪੁਲਿਸ ਅਤੇ ਪੁਲਿਸ ਸਿਖਲਾਈ ਕੇਂਦਰਾਂ ਵਿਚ ਵੀ ਸਥਾਪਤ ਕੀਤੇ ਜਾਣ ਦਾ ਪ੍ਰਸਤਾਵ ਹੈ। ਇਨ੍ਹਾਂ HWC ‘ਚ ਫਿਜ਼ੀਓਥੈਰੇਪੀ ਸੈਂਟਰ ਅਤੇ ਕਾਊਂਸਲਿੰਗ ਲਈ ਰੂਮ, ਇਨਡੋਰ ਜਿਮ, ਆਊਟਡੋਰ ਜਿਮ, ਮੈਡੀਟੇਸ਼ਨ ਅਤੇ ਯੋਗਾ ਲਈ ਜਗ੍ਹਾ, ਹੋਣਗੇ ਤਾਂ ਜੋ ਪੁਲਿਸ ਮੁਲਾਜ਼ਮਾਂ ਨੂੰ ਸਿਹਤ ਸਬੰਧੀ ਸਹੀ ਸਲਾਹ ਦਿੱਤੀ ਜਾ ਸਕੇ। ਇਹ ਜਾਣਕਾਰੀ ਪੰਜਾਬ ਪੁਲਿਸ ਦੇ ਮੁਖੀ ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ।
DGP ਨੇ ਦੱਸਿਆ ਪੁਲਿਸ ਮੁਲਾਜ਼ਮਾਂ ਵੱਲੋਂ ਤਣਾਅਪੂਰਨ ਸਥਿਤੀਆਂ ‘ਚ ਕੰਮ ਕਰਨ ਨਾਲ ਉਨ੍ਹਾਂ ਨੂੰ ਥਕਾਵਟ ਤੇ ਤਣਾਅ ਵਰਗੀਆਂ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਸਿਹਤ ਸਬੰਧੀ ਗੰਭੀਰ ਮੁੱਦਿਆਂ ਦਾ ਕਾਰਨ ਬਣ ਸਕਦੀਆਂ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਪੜਾਅ ਵਿੱਚ ਐਚ.ਸੀ.ਡਬਲਿਊਜ਼ ਦੀ ਸਥਾਪਨਾ ਲਈ ਬਜਟ ’ਚੋਂ 2.97 ਕਰੋੜ ਰੁਪਏ ਦੀ ਰਕਮ ਪਹਿਲਾਂ ਹੀ ਸੀ.ਪੀ. ਲੁਧਿਆਣਾ ਅਤੇ ਸੀ.ਪੀ. ਅੰਮ੍ਰਿਤਸਰ ਸਮੇਤ 15 ਜ਼ਿਲਿਆਂ ਨੂੰ ਜਾਰੀ ਕਰ ਦਿੱਤੀ ਗਈ ਹੈ। ਜ਼ਿਆਦਾਤਰ ਕੇਂਦਰ ਸੀ.ਪੀ. ਅੰਮ੍ਰਿਤਸਰ, ਜਿਲ੍ਹਾ ਤਰਨ ਤਾਰਨ, ਮਾਨਸਾ ਅਤੇ ਪਠਾਨਕੋਟ ਵਿੱਚ ਬਣ ਕੇ ਤਿਆਰ ਹੋ ਗਏ ਹਨ ਜਦੋਂਕਿ ਬਾਕੀ ਕੇਂਦਰਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਅਗਲੇ ਵਿੱਤੀ ਸਾਲ ਤੋਂ ਹਰੇਕ ਜ਼ਿਲ੍ਹੇ ਲਈ 2 ਲੱਖ ਰੁਪਏ ਸਾਲਾਨਾ ਦੀ ਸਿਹਤ ਤੇ ਤੰਦਰੁਸਤੀ ਦੇ ਪ੍ਰੋਗਰਾਮਾਂ ਦੇ ਆਯੋਜਨ ਵਾਸਤੇ ਰਾਖਵੇਂ ਰੱਖੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਸ ਪੂਰੀ ਮੁਹਿੰਮ ਤਹਿਤ ਇੱਕ ਕਮੇਟੀ ਦਾ ਵੀ ਗਠਨ ਕੀਤਾ ਜਾਵੇਗਾ ਜੋ ਸਿਹਤ ਅਤੇ ਵੈਲਨੈੱਸ ਪ੍ਰੋਗਰਾਮ ਦਾ ਆਯੋਜਨ ਕਰੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਜ਼ਿਲੇ ਵਿੱਚ ਤਾਇਨਾਤ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਸਾਲ ਵਿੱਚ ਘੱਟੋ ਘੱਟ ਇੱਕ ਵਾਰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲ ਸਕੇ। ਗੁਪਤਾ ਨੇ ਦੱਸਿਆ ਕਿ ਸਿਹਤ ਤੇ ਤੰਦਰੁਸਤੀ ਕੇਂਦਰਾਂ ਵਿੱਚ 5-7 ਦਿਨਾਂ ਦੇ ਹੈਲਥ ਐਂਡ ਵੈਲਨੈੱਸ ਪ੍ਰੋਗਰਾਮ ਮਨੋਰੋਗ ਮਾਹਿਰਾਂ ਸਮੇਤ ਸਿਹਤ ਪੇਸ਼ੇਵਰਾਂ ਦੁਆਰਾ ਕਰਵਾਏ ਜਾਣਗੇ ਜੋ ਬਿਹਤਰ ਸਿਹਤ ਲਈ ਪੁਲਿਸ ਕਰਮੀਆਂ ਨੂੰ ਜੀਵਨਸ਼ੈਲੀ ਵਿੱਚ ਤਬਦੀਲੀਆਂ ਲਿਆਉਣ ਲਈ ਸਰੀਰਕ ਕਸਰਤ, ਪੌਸ਼ਟਿਕ ਖੁਰਾਕ ਅਤੇ ਕਾਉਂਸਲਿੰਗ ਦੀ ਸਿਫ਼ਾਰਸ਼ ਕਰਨਗੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਐੱਚ. ਡਬਲਯੂ. ਸੀ. ਸਥਾਪਤ ਹੋਣ ਨਾਲ ਪੁਲਿਸ ਮੁਲਾਜ਼ਮਾਂ ਦੀ ਸਿਹਤ ‘ਚ ਕਾਫੀ ਸੁਧਾਰ ਹੋਣ ‘ਚ ਕਾਫੀ ਮਦਦ ਮਿਲੇਗੀ।