Illegal liquor recovered : ਪੰਜਾਬ ਪੁਲਿਸ ਵੱਲੋਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਕੰਟਰੋਲ ਕਰਨ ਲਈ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਸਰਚ ਮੁਹਿੰਮ ਅਧੀਨ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾਂਦੀ ਰਹੀ ਹੈ। ਅੱਜ ਜਲਾਲਾਬਾਦ ਦੇ ਪਿੰਡ ਗੁਮਾਨੀਵਾਲਾ ਖੂਹ ਨਿਵਾਸੀ ਬਲਾਕ ਸੰਮਤੀ ਮੈਂਬਰ ਦੇ ਘਰ ਤੋਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਸੂਚਨਾ ਮਿਲਣ ‘ਤੇ ਪੁਲਿਸ ਦੀ ਟੀਮ ਛਾਪੇਮਾਰੀ ਕਰਨ ਗਈ ਤਾਂ ਮੁਲਜ਼ਮ ਪੁਲਿਸ ਨੂੰ ਹਥਿਆਰ ਦਿਖਾ ਕੇ ਫਰਾਰ ਹੋ ਗਿਆ। ਜਾਂਚ ਅਧਿਕਾਰੀ ਗੁਰਬਖਸ਼ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਲੇਖ ਰਾਜ ਨੂੰ ਦੱਸਿਆ ਗਿਆ ਕਿ ਪਿੰਡ ਗੁਮਾਨੀਵਾਲਾ ਖੂਹ ਦਾ ਵਸਨੀਕ ਅਸ਼ੋਕ ਕੁਮਾਰ ਬਲਾਕ ਸੰਮਤੀ ਮੈਂਬਰ ਹੈ।
ਪੁਲਿਸ ਪਾਰਟੀ ਅਤੇ ਆਬਕਾਰੀ ਇੰਸਪੈਕਟਰ ਜਸਲਪ੍ਰੀਤ ਸਿੰਘ ਸਮੇਤ ਆਬਕਾਰੀ ਵਿਭਾਗ ਦੇ ਮੁਲਾਜ਼ਮ ਨੇ 7 ਨਵਰੀ ਨੂੰ ਉਨ੍ਹਾਂ ਦੇ ਘਰ ਛਾਪਾ ਮਾਰਿਆ ਤਾਂ ਉਹ ਆਪਣੇ ਘਰ ਤੋਂ ਕਾਪਾ ਕੱਢ ਲਿਆਇਆ ਅਤੇ ਕਾਪਾ ਪੁਲਿਸ ਨੂੰ ਦਿਖਾ ਕੇ ਮੌਕੇ ਤੋਂ ਫਰਾਰ ਹੋ ਗਿਆ। ਜਾਂਚ ਅਧਿਕਾਰੀ ਲੇਖ ਰਾਜ ਨੇ ਦੱਸਿਆ ਕਿ ਅਸ਼ੋਕ ਕੁਮਾਰ ਨੂੰ ਪਹਿਲਾਂ ਵੀ ਕਈ ਵਾਰ ਸਮਝਾਇਆ ਗਿਆ ਪਰ ਉਹ ਆਪਣੀਆਂ ਗਲਤ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਉਸ ਨੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਜਦੋਂ ਤਲਾਸ਼ੀ ਲਈ ਗਈ ਤਾਂ ਉਸ ਦੇ ਘਰੋਂ ਇਕ ਨਾਜਾਇਜ਼ ਸ਼ਰਾਬ ਦੀ ਭੱਠੀ ਅਤੇ ਵੱਡੀ ਮਾਤਰਾ ਵਿਚ ਲਾਹਣ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਧਾਰਾ 186, 353 ਅਤੇ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਪੁਲਿਸ ਨੇ ਦਾਅਵਾ ਕੀਤਾ ਕਿ ਜਲਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।