Impact of bandh : ਪੰਜਾਬ ‘ਚ ਅੱਜ ਭਾਰਤ ਬੰਦ ਦਾ ਵਿਆਪਕ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਕਿਸਾਨ ਜੱਥੇਬੰਦੀਆਂ ਦੀ ਅਪੀਲ ’ਤੇ ਬਹੁਤੇ ਬਾਜ਼ਾਰ ਬੰਦ ਕਰ ਦਿੱਤੇ ਗਏ ਹਨ। ਸਵੇਰ ਤੋਂ ਹੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸੰਨਾਟਾ ਹੈ। ਜਲੰਧਰ ਦੀ ਮਕਸੂਦਾਂ ਸਬਜ਼ੀ ਮੰਡੀ ਵੀ ਕਿਸਾਨ ਜੱਥੇਬੰਦੀਆਂ ਦੀਆਂ ਮੰਗਾਂ ਦੇ ਹੱਕ ਵਿੱਚ ਬੰਦ ਕਰ ਦਿੱਤੀ ਗਈ ਹੈ, ਜਿਸ ਕਾਰਨ ਆਸ ਪਾਸ ਦੇ ਇਲਾਕਿਆਂ ਵਿੱਚ ਜਲੰਧਰ ਵਿੱਚ ਸਬਜ਼ੀਆਂ ਦੀ ਘਾਟ ਹੋ ਸਕਦੀ ਹੈ। ਇਸੇ ਦੌਰਾਨ ਕਿਸਾਨ-ਜੱਥੇਬੰਦੀਆਂ ਵੱਲੋਂ ਦਿੱਲੀ-ਅੰਮ੍ਰਿਤਸਰ ਹਾਈਵੇ ਨੂੰ ਵੀ ਜਾਮ ਕਰ ਦਿੱਤਾ ਗਿਆ ਹੈ। ਪੈਟਰੋਲ ਪੰਪ ਤੇ ਮੈਡੀਕਲ ਸਟੋਰ ਖੁੱਲ੍ਹ ਚੁੱਕੇ ਹਨ। ਬੰਦ ਸ਼ਾਮ 6 ਵਜੇ ਤੱਕ ਜਾਰੀ ਰਹੇਗਾ।
ਕਿਸਾਨਾਂ ਦੇ ਲੁਧਿਆਣਾ ਦੇ ਲਾਡੋਵਾਲ ਰੇਲਵੇ ਸਟੇਸ਼ਨ ‘ਤੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੇ ਭਾਰਤ ਨਗਰ ਚੌਕ ਜਾਮ ਕਰ ਦਿੱਤਾ ਹੈ। ਪੁਲਿਸ ਨੇ ਚੌਕ ਨੂੰ ਬੈਰੀਕੇਡ ਕਰ ਦਿੱਤਾ ਹੈ। ਮੁੱਖ ਬਾਜ਼ਾਰਾਂ ਵਿਚ ਦੁਕਾਨਾਂ ਅਜੇ ਬੰਦ ਹਨ। ਸ਼ਹਿਰ ਦੀਆਂ ਵਿਆਪਕ ਮਾਰਕੀਟਾਂ, ਘੁਮਾਰ ਮੰਡੀ, ਫੀਲਡ ਗੰਜ, ਸੀ.ਐੱਮ.ਸੀ ਰੋਡ ‘ਤੇ ਅਜੇ ਵੀ ਜ਼ਿਆਦਾਤਰ ਦੁਕਾਨਾਂ ਖੁੱਲੀਆਂ ਨਹੀਂ ਹਨ। ਭਾਰਤ ਪ੍ਰਸ਼ਾਸਨ ਦੇ ਮੱਦੇਨਜ਼ਰ ਲੁਧਿਆਣਾ ਪ੍ਰਸ਼ਾਸਨ ਨੇ ਸੁਰੱਖਿਆ ਪ੍ਰਬੰਧ ਵੀ ਸਖਤ ਕਰ ਦਿੱਤੇ ਹਨ। ਵੱਡੇ ਚੌਰਾਹੇ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਜਨਤਕ ਥਾਵਾਂ ‘ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ। ਲੁਧਿਆਣਾ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ।
ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਵੀ ਕਿਸਾਨਾਂ ਵੱਲੋਂ ਹਾਈਵੇ ਨੂੰ ਜਾਮ ਕੀਤਾ ਗਿਆ ਹੈ। ਸਰਹਿੰਦ ਵਿਖੇ ਤਿੰਨ ਰੇਲ ਗੱਡੀਆਂ ਨੂੰ ਰੋਕਿਆ ਗਿਆ ਹੈ। ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੇ ਸੱਦੇ ‘ਤੇ ਸਵੇਰੇ 6 ਵਜੇ ਹੀ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਮੋਹਾਲੀ ਵਿੱਚ ਬੰਦ ਨੂੰ ਕਾਮਯਾਬ ਬਣਾਉਣ ਲਈ ਕਿਸਾਨ ਜੱਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਥਾਂ-ਥਾਂ ਮੋਰਚੇ ਸੰਭਾਲੇ ਹੋਏ ਹਨ, ਜਿਸ ਦੇ ਤਹਿਤ ਸਿਰਫ਼ ਸਿਹਤ ਮਹਿਕਮੇ ਨਾਲ ਸਬੰਧਿਤ ਮੁਲਾਜ਼ਮਾਂ, ਪੱਤਰਕਾਰਾਂ, ਪੁਲਸ ਅਤੇ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੂੰ ਹੀ ਅੱਗੇ ਲੰਘਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਖਰੜ ਤੋਂ ਡੇਰਾਬੱਸੀ ਵਾਲੇ ਪਾਸੇ ਨੂੰ ਜਾਂਦੀ ਏਅਰਪੋਰਟ ਰੋਡ ‘ਤੇ ਸੈਕਟਰ-82 ਵਿਖੇ ਕਿਸਾਨ ਜੱਥੇਬੰਦੀਆਂ ਵੱਲੋਂ ਵੱਡਾ ਇਕੱਠ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਲਾਮਬੰਦੀ ਕੀਤੀ ਜਾ ਰਹੀ ਹੈ ਤਾਂ ਜੋ ਅੰਦੋਲਨ ਨੂੰ ਸਫਲ ਕੀਤਾ ਜਾ ਸਕੇ।
ਅੰਮ੍ਰਿਤਸਰ ਜ਼ਿਲ੍ਹੇ ’ਚ ਸਬਜ਼ੀ ਮੰਡੀ, ਬੱਸ ਸਰਵਿਸ ਅਤੇ ਬਾਜ਼ਾਰ ਬੰਦ ਹਨ। ਇਥੇ ਪੰਜਾਬ ਪੁਲਸ ਦੇ ਅਧਿਕਾਰੀ ਵੱਡੀ ਗਿਣਤੀ ’ਚ ਤਾਇਨਾਤ ਕਰ ਦਿੱਤੇ ਹਨ। ਭਾਰਤ ਬੰਦ ਦੇ ਮੌਕੇ ਆਵਾਜਾਈ ਤੋਂ ਇਲਾਵਾ ਰੇਲ ਦਾ ਵੀ ਚੱਕਾ ਜਾਮ ਕੀਤਾ ਗਿਆ ਹੈ।ਉੱਥੇ ਦੂਜੇ ਪਾਸੇ ਪੁਲਸ ਪ੍ਰਸ਼ਾਸਨ ਵਲੋਂ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ।
ਹੁਸ਼ਿਆਰਪੁਰ, ਟਾਂਡਾ, ਕਪੂਰਥਲਾ, ਫਗਵਾੜਾ, ਨਵਾਂਸ਼ਹਿਰ, ਰੂਪਨਗਰ ਵਿਚ ਕਿਸਾਨਾਂ ਵੱਲੋਂ ਹਾਈਵੇਅ ਉਤੇ ਚੱਕਾ ਜਾਮ ਕੀਤਾ ਗਿਆ, ਉਥੇ ਹੀ ਬਾਜ਼ਾਰ ਅਤੇ ਦੁਕਾਨਾਂ ਨੂੰ ਬੰਦ ਰੱਖ ਕੇ ਕੰਮਕਾਜ ਪੂਰੀ ਤਰ੍ਹਾਂ ਠੱਪ ਰੱਖਿਆ ਗਿਆ। ਭਾਰਤ ਬੰਦ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਜ਼ਿਲ੍ਹੇ ‘ਚ ਕਈ ਥਾਵਾਂ ‘ਤੇ ਮਾਰਚ ਕੱਢ ਕੇ ਲੋਕਾਂ ਨੂੰ ਸਹਿਯੋਗ ਕੀਤਾ ਜਾ ਰਿਹਾ ਹੈ। ਭਾਰਤ ਬੰਦ ਸੱਦੇ ਦਾ ਟਾਂਡਾ ਇਲਾਕੇ ਵਿੱਚ ਭਰਵਾਂ ਅਸਰ ਵੇਖਣ ਨੂੰ ਮਿਲਿਆ। ਜਿੱਥੇ ਬਾਜ਼ਾਰ ਮੁਕੰਮਲ ਬੰਦ ਹਨ।
ਪਟਿਆਲਾ ‘ਚ ਵੀ ਮੁਕੰਮਲ ਬੰਦ ਦਾ ਅਸਰ ਦੇਖਿਆ ਗਿਆ। ਸਬਜ਼ੀ ਮੰਡੀ ਬੰਦ ਰਹੀ ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਵੀ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਬੰਦ ਰੱਖੀ ਗਈ। ਬਾਜ਼ਾਰ ‘ਚ ਸੰਨਾਟਾ ਦੇਖਿਆ ਗਿਆ। ਬੱਸ ਅੱਡੇ, ਰੇਲਵੇ ਸਟੇਸ਼ਨ ‘ਤੇ ਵੀ ਟ੍ਰੇਨਾਂ ਦੀ ਆਵਾਜਾਈ ਬੰਦ ਹੋਣ ਕਾਰਨ ਯਾਤਰੀ ਕਾਫੀ ਪ੍ਰੇਸ਼ਾਨ ਹੋਏ।