Jail Superintendent Karnal : ਚੰਡੀਗੜ੍ਹ : ਪੰਜਾਬ ਰਾਜ ਮਹਿਲਾ ਕਮਿਸ਼ਨ (ਸਟੇਟ ਵੂਮੈਨ ਕਮਿਸ਼ਨ) ਦੀ ਚੇਅਰਪਰਸਨ ਸ਼੍ਰੀਮਤੀ ਮਨੀਸ਼ਾ ਗੁਲਾਟੀ ਨੂੰ ਜੇਲ੍ਹ ਸੁਪਰਡੈਂਟ ਕਰਨਾਲ ਨੇ ਕਿਰਤੀ ਕਾਰਕੁੰਨ ਨੋਦੀਪ ਕੌਰ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਬੰਧੀ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਕਰਨਾਲ ਜੇਲ੍ਹ ਦੇ ਸੁਪਰਡੈਂਟ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫ਼ਤਰ ਵਿਖੇ ਫੋਨ ਕਰਕੇ ਕਿਹਾ ਕਿ ਸ੍ਰੀਮਤੀ ਗੁਲਾਟੀ ਨੂੰ ਨੋਦੀਪ ਕੌਰ ਨਾਲ ਮੁਲਾਕਾਤ ਕਰਨ ਲਈ ਪਹਿਲਾਂ ਹਰਿਆਣਾ ਸਰਕਾਰ ਤੋਂ ਪ੍ਰਵਾਨਗੀ ਲੈਣੀ ਹੋਵੇਗੀ।
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਪੰਜਾਬ ਤੋਂ ਮਜ਼ਦੂਰ ਕਾਰਕੁੰਨ ਨੋਦੀਪ ਕੌਰ, ਜੋ ਕਰਨਾਲ ਜੇਲ੍ਹ ਵਿਚ ਬੰਦ ਹੈ, ਦੀ ਜਲਦੀ ਰਿਹਾਈ ਦੀ ਮੰਗ ਕੀਤੀ ਸੀ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਇਹ ਮਾਮਲਾ ਆਪਣੀ ਹਰਿਆਣਾ ਰਾਜ ਦੀ ਹਮਰੁਤਬਾ ਕੋਲ ਚੁੱਕਿਆ ਸੀ ਅਤੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਸੀ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਹਰਿਆਣਾ ਰਾਜ ਮਹਿਲਾ ਕਮਿਸ਼ਨ ਵੱਲੋਂ ਹਰਿਆਣਾ ਦੇ ਜੇਲ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ. ਸੇਲਵਾਰਾਜ ਨੂੰ ਪੱਤਰ ਲਿਖ ਕੇ ਹਦਾਇਤ ਕੀਤੀ ਗਈ ਕਿ ਹਰਿਆਣਾ ਰਾਜ ਮਹਿਲਾ ਕਮਿਸ਼ਨ ਐਕਟ ਦੀ ਧਾਰਾ 3 (10), (1)(ਐਫ)(ਕੇ) ਅਨੁਸਾਰ ਪੰਜਾਬ ਰਾਜ ਦੇ ਮੁਕਤਸਰ ਜ਼ਿਲੇ ਦੇ ਪਿੰਡ ਗਿਆਦੜ ਦੀ ਵਸਨੀਕ ਨੌਦੀਪ ਕੌਰ ਨੂੰ ਕਾਨੂੰਨੀ ਸਹਾਇਤਾ ਦਿਵਾਉਣੀ ਯਕੀਨੀ ਬਣਾਉਣ ਦੇ ਨਾਲ ਹਵਾਲਾਤੀ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾਵੇ।
ਮਜ਼ੂਦਰਾਂ ਦੇ ਹੱਕਾਂ ਲੜਨ ਵਾਲੀ ਨੌਦੀਪ ਕੌਰ ਦਾ ਮਾਮਲਾ ਬੀਤੇ ਦਿਨਾਂ ਤੋਂ ਕਾਫੀ ਭਖਿਆ ਹੈ ਅਤੇ ਉਸ ਦੀ ਰਿਹਾਈ ਲਈ ਦੇਸ਼ ਤੇ ਵਿਦੇਸ਼ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਉਸ ‘ਤੇ ਪੁਲਸ ਹਿਰਾਸਤ ਵਿੱਚ ਜਿਨਸੀ ਸ਼ੋਸ਼ਣ ਦੇਸ਼ ਦੇ ਦੋਸ਼ ਲਗਾਏ ਜਾ ਰਹੇ ਹਨ। ਸੋਨੀਪਤ ਦੀ ਜ਼ਿਲ੍ਹਾ ਅਦਾਲਤ ਵੱਲੋਂ ਨੌਦੀਪ ਕੌਰ ਨੂੰ ਇਕ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਗਈ ਹੈ, ਜਦਕਿ ਉਸ ਖਿਲਾਫ਼ ਦੋ ਕੇਸਾਂ ਕਰਕੇ ਉਸਨੂੰ ਅਜੇ ਜੇਲ੍ਹ ਵਿੱਚ ਹੀ ਰਹਿਣਾ ਹੋਵੇਗਾ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਵੱਲੋਂ ਇਸ ਮੁੱਦੇ ‘ਤੇ ਆਵਾਜ਼ ਚੁੱਕਣ ‘ਤੇ ਇਹ ਮਾਮਲਾ ਕਾਫੀ ਭਖਿਆ ਹੈ ਅਤੇ ਉਸ ਦੀ ਰਿਹਾਈ ਦੀ ਮੰਗ ਤੇਜ਼ ਹੋ ਗਈ ਹੈ।